
ਜੰਡਿਆਲਾ ਗੁਰੂ, 27 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਭਾਰਤੀ ਜਨਤਾ ਪਾਰਟੀ ਦੀਆਂ ਜਥੇਬੰਦਕ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਚਾਰ ਸਰਕਲ ਪ੍ਰਧਾਨਾਂ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ। ਇਸ ਦੌਰਾਨ ਸਾਬਕਾ ਵਿਧਾਇਕ ਤੇ ਭਾਜਪਾ ਦੇ ਜਿਲਾ ਦਿਹਾਤੀ ਪ੍ਰਧਾਨ ਮਨਜੀਤ ਸਿੰਘ ਮੰਨਾ ਮੀਆਂਵਿੰਡ ਅਤੇ ਸਹਿ ਜਿਲਾ ਚੋਣ ਅਧਿਕਾਰੀ ਹਰਦੀਪ ਸਿੰਘ ਗਿੱਲ ਇੰਚਾਰਜ ਭਾਜਪਾ ਹਲਕਾ ਜੰਡਿਆਲਾ ਗੁਰੂ ਨੇ ਰਸਮੀ ਤੌਰ ‘ਤੇ ਚੁਣੇ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ। ਪਿੰਡ ਮੁੱਛਲ ਵਿਖੇ ਮੀਟਿੰਗ ਦੌਰਾਨ ਤਰਸਿੱਕਾ ਸਰਕਲ ਤੋਂ ਮਨਜੀਤ ਸਿੰਘ ਸੰਧੂ, ਜੰਡਿਆਲਾ ਗੁਰੂ ਦਿਹਾਤੀ ਤੋਂ ਸਾਬਕਾ ਸਰਪੰਚ ਸੁਖਵਿੰਦਰ ਕੌਰ, ਮੁੱਛਲ ਸਰਕਲ ਤੋਂ ਨਰਿੰਦਰ ਸਿੰਘ ਅਤੇ ਮਹਿਤਾ ਸਰਕਲ ਤੋਂ ਕੇਵਲ ਸਿੰਘ ਖੱਬੇ ਰਾਜਪੂਤਾਂ ਨੂੰ ਸਰਕਲ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ‘ਤੇ ਬੋਲਦੇ ਹੋਏ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਪਾਰਟੀ ਵੱਲੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤੇ ਪਾਰਟੀ ਦੀ ਪੰਜਾਬ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨਵੇਂ ਚੁਣੇ ਸਰਕਲ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਭਾਜਪਾ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰਨ ਦਾ ਪਾਰਟੀ ਦਾ ਸੁਨੇਹਾ ਵੀ ਦਿੱਤਾ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਦਾ ਮਨ ਬਣਾ ਚੁੱਕੇ ਹਨ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਦਿਨ ਬ ਦਿਨ ਬੱਦਤਰ ਹੋ ਰਹੇ ਹਨ, ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ, ਗਰੀਬ ਵਰਗ ਤਰਾਹ- ਤਰਾਹ ਕਰ ਰਿਹਾ ਹੈ ਫਿਰੌਤੀਆਂ ਤੇ ਗੁੰਡਾਗਰਦੀ ਦਾ ਬੋਲ ਬਾਲਾ ਹੈ। ਹਰ ਵਰਗ ਮਹਿੰਗਾਈ ਦੀ ਚੱਕੀ ਵਿੱਚ ਪਿੱਸ ਰਿਹਾ ਹੈ। ਉਸ ਤੋਂ ਤੰਗ ਆਏ ਲੋਕ ਪੰਜਾਬ ਵਿੱਚ ਇੱਕ ਮਜਬੂਤ ਸਰਕਾਰ ਬਣਾਉਣਾ ਚਾਹੁੰਦੇ ਹਨ ਜੋ ਸੂਬੇ ਵਿੱਚ ਅਮਨ ਸ਼ਾਂਤੀ ਦੇ ਨਾਲ ਨਾਲ ਲੋਕਾਂ ਦੀਆਂ ਤਕਲੀਫਾਂ ਦਾ ਹੱਲ ਵੀ ਕੱਢੇ। ਮੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਹਰ ਵਰਗ ਦੁਖੀ ਹੈ ਸੂਬੇ ਵਿੱਚ ਹਰ ਰੋਜ਼ ਧਰਨੇ ਪ੍ਰਦਰਸ਼ਨ ਹੋ ਰਹੇ ਹਨ ਪਰ ਸਰਕਾਰ ਆਪਣੇ ਦਿੱਲੀ ਹਾਕਮਾਂ ਨੂੰ ਖੁਸ਼ ਕਰਨ ‘ਤੇ ਲੱਗੀ ਹੋਈ ਹੈ।
ਹਰਦੀਪ ਸਿੰਘ ਗਿੱਲ ਨੇ ਇਸ ਮੌਕੇ ‘ਤੇ ਬੋਲਦੇ ਹੋਏ ਕਿਹਾ ਕਿ ਬੂਥ ਕਮੇਟੀਆਂ ਦੇ ਗਠਨ ਤੋਂ ਬਾਅਦ ਸਰਕਲ ਪ੍ਰਧਾਨਾਂ ਦੀ ਚੋਣ ਦੀ ਪ੍ਰਕਿਰਿਆ ਚੱਲ ਰਹੀ ਹੈ। ਹਰ ਮਿਹਨਤੀ ਤੇ ਯੋਗ ਵਰਕਰ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਜਿਵੇਂ ਗਰੀਬ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਸ ਦਾ ਪ੍ਰਚਾਰ ਤੇ ਪ੍ਰਸਾਰ ਭਾਜਪਾ ਦੇ ਵਰਕਰ ਪਿੰਡਾਂ ਵਿੱਚ ਕਰਨ। ਹਰਦੀਪ ਗਿੱਲ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਵੱਲੋਂ ਪ੍ਰਾਪਤ ਗਰਾਂਟਾਂ ਦੇ ਸਹਾਰੇ ਚੱਲ ਰਹੀ ਹੈ। ਸੂਬਾ ਆਰਥਿਕ ਪੱਖੋਂ ਕਾਫੀ ਪਛੜ ਗਿਆ ਹੈ ਭਾਜਪਾ ਹੀ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ‘ਤੇ ਲਿਆ ਸਕਦੀ ਹੈ। ਉਨ੍ਹਾਂ ਨਵੇਂ ਸਰਕਲ ਪ੍ਰਧਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਆਖਿਆ। ਨਵੇਂ ਸਰਕਲ ਪ੍ਰਧਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਨਿਰਵੈਲ ਸਿੰਘ ਵਡਾਲੀ ਜਗਰੂਪ ਸਿੰਘ ਵਡਾਲੀ, ਬਲਜਿੰਦਰ ਸਿੰਘ ਭੰਗਵਾਂ, ਸੁਰਜੀਤ ਸਿੰਘ ਰਾਏਪੁਰ, ਗੁਰਦਿਆਲ ਸਿੰਘ ਨੰਬਰਦਾਰ, ਬਲਦੇਵ ਸਿੰਘ ਮੇਹਰਬਾਨਪੁਰਾ, ਬਿੱਟੂ ਮੇਹਰਬਾਨਪੁਰਾ, ਰਮਨ ਕੁਮਾਰ, ਗੁਰਪਿੰਦਰ ਸਿੰਘ ਗੋਪੀ, ਕਰਨ ਛਾਪਾ, ਬਲਕਾਰ ਸਿੰਘ ਬੱਬੂ ਨਵਾਂ ਪਿੰਡ, ਹਰਜੋਤ ਸਿੰਘ ਮਹਿਤਾ, ਸਤਨਾਮ ਸਿੰਘ ਤਰਸਿੱਕਾ, ਪ੍ਰਗਟ ਸਿੰਘ ਤਰਸਿੱਕਾ,ਬਲਜਿੰਦਰ ਸਿੰਘ ਅਮਰਕੋਟ, ਗੁਰਪਾਲ ਸਿੰਘ ਬੇਰੀ ਆਣਾ, ਨਿਰਮਲ ਸਿੰਘ, ਜਗਤਾਰ ਸਿੰਘ ਖੇਲਾ, ਬਲਜਿੰਦਰ ਸਿੰਘ ਭੰਗਵਾਂ, ਮੇਜਰ ਸਿੰਘ ਮੁੱਛਲ, ਜੋਗਿੰਦਰ ਸਿੰਘ ਫੌਜੀ ਤੋਂ ਹੀ ਇਲਾਵਾ ਹੋਰ ਵੀ ਪ੍ਰਮੁੱਖ ਅਹੁਦੇਦਾਰ ਹਾਜਰ ਸਨ।













