
ਜਲੰਧਰ, 15 ਅਗਸਤ (ਹਰਜਿੰਦਰ ਸਿੰਘ) : ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ‘ਤੇ ਮਹਾਰਾਸ਼ਟਰ ਦੇ ਨੰਦੇੜ ਸਾਹਿਬ ਗੁਰਦੁਆਰਾ ਵਿਖੇ ਹੋਏ ਹਮਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਦੀ ਅਰਦਾਸ ਕੀਤੀ ਗਈ। ਅੱਜ ਜਲੰਧਰ ਸੈਂਟਰਲ ਹਲਕੇ ਦੀ ਇੰਚਾਰਜ ਰੀਟਾ ਕੌਰ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਚੰਗੀ ਸਿਹਤ, ਪੂਰਨ ਤੰਦਰੁਸਤੀ ਅਤੇ ਲੰਮੀ ਉਮਰ ਦੀ ਕਾਮਨਾ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਪਾਰਟੀ ਆਗੂਆਂ ਨੇ ਨਤਮਸਤਕ ਹੋ ਕੇ ਗੁਰੂ ਚਰਨਾਂ ਵਿੱਚ ਸੀਸ ਝੁਕਾ ਕੇ ਪ੍ਰਾਰਥਨਾ ਕੀਤੀ।

ਸਮਾਗਮ ਦੌਰਾਨ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ ਕਿ “ਵਾਹਿਗੁਰੂ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹਮੇਸ਼ਾ ਚੜ੍ਹਦੀ ਕਲਾ, ਤੰਦਰੁਸਤੀ ਅਤੇ ਲੰਮੀ ਉਮਰ ਬਖ਼ਸ਼ਣ ਅਤੇ ਆਪਣਾ ਮਿਹਰ ਭਰਿਆ ਹੱਥ ਸਦਾ ਉਨ੍ਹਾਂ ਦੇ ਸਿਰ ’ਤੇ ਰੱਖਣ।”
ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ। ਸੰਗਤਾਂ ਨੇ ਵਾਹਿਗੁਰੂ ਅੱਗੇ ਅਰਜ਼ੋਈ ਕੀਤੀ ਕਿ ਸਰਦਾਰ ਬਾਦਲ ਜੀ ਨੂੰ ਨਿਰੋਈ ਸਿਹਤ ਬਖ਼ਸ਼ੀ ਜਾਵੇ ਤਾਂ ਜੋ ਉਹ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਪੰਜਾਬ, ਪੰਥ ਅਤੇ ਸਮਾਜ ਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੇ ਰਹਿਣ।
ਅਰਦਾਸ ਸਮਾਗਮ ਦੇ ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਹਾਜ਼ਰ ਆਗੂਆਂ ਅਤੇ ਸੰਗਤਾਂ ਨੇ ਅਕਾਲ ਪੁਰਖ ’ਤੇ ਪੂਰਨ ਭਰੋਸਾ ਪ੍ਰਗਟਾਉਂਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਜਲਦ ਸਿਹਤਯਾਬੀ ਅਤੇ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਓਹਨਾਂ ਨਾਲ ਜਸਵਿੰਦਰ ਕੌਰ, ਸੰਧਿਆ ਪਰਮਾਰ, ਸੁਨੀਤਾ ਸ਼ਰਮਾ, ਉਰਮਿਲਾ, ਮਮਤਾ ਆਦਿ ਮੌਜੂਦ ਸਨ।










