
ਵਰਜੀਨੀਆ, 28 ਅਪ੍ਰੈਲ (ਗੌਰਵ ਮੜੀਆ) : ਵਿਸਾਖੀ ਦਾ ਮਹੀਨਾ ਚੜਦੇ ਸਾਰ ਹੀ ਪ੍ਰਦੇਸੀ ਵੱਸਦੇ ਪੰਜਾਬ ਵਿੱਚ ਵਿਸਾਖੀ ਮਨਾਉਣ ਲਈ ਸਿੱਖ ਅਤੇ ਪੰਜਾਬੀ ਭਾਈਚਾਰਾ ਪੱਬਾਂ ਭਾਰ ਹੋ ਜਾਂਦਾ ਹੈ । ਸਾਲ 2026 ਦੀ ਵਿਸਾਖੀ ਸਿੱਖ ਸੈਂਟਰ ਆਫ ਵਰਜੀਨੀਆ ਗੁਰਦੁਆਰਾ ਸਾਹਿਬ ਵਿਖੇ ਬੀਤੇਂ ਦਿਨ ਅਪ੍ਰੈਲ ਮਨਾਈ ਗਈ।ਇਥੇ ਵਿਸਾਖੀ ਮੇਲਾ ਹਮੇਸ਼ਾ ਦੀ ਤਰਾਂ ਬਹੁਤ ਹੀ ਸ਼ਾਨਦਾਰ ਢੰਗ ਨਾਲ਼ ਮਨਾਇਆ ਜਾਂਦਾ ਹੈ। ਇਸ ਮੇਲੇ ਦੀਆਂ ਤਿਆਰੀਆਂ ਅਪ੍ਰੈਲ ਮਹੀਨਾ ਚੜਨ ਤੋਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਸਨ । ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤਾਂ ਵੱਲੋਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ । ਸਿੱਖ ਸੈਂਟਰ ਆਫ਼ ਵਰਜੀਨੀਆ ਦਾ ਇਹ 18ਵਾਂ ਮੇਲਾ ਸੀ । ਮੇਲੇ ਵਿੱਚ ਲੋਕ ਇਥੇ ਬਹੁਤ ਹੀ ਦੂਰੋਂ ਚੱਲ ਕੇ ਆਏ ।

ਮੇਲੇ ਦੀ ਵਿਲੱਖਣਤਾ ਇਹ ਸੀ ਕਿ ਸਿਰਫ ਪੰਜਾਬ ਨਾਲ ਸਬੰਧਤ ਹੀ ਨਹੀਂ ਬਲਕਿ ਦੂਜੀਆਂ ਕੌਮਾਂ ਦੇ ਵੀ ਬਹੁਤ ਸਾਰੇ ਲੋਕ ਇਸ ਮੇਲੇ ਵਿੱਚ ਹਿੱਸਾ ਲੈਣ ਲਈ ਪੁੱਜੇ । ਮੇਲੇ ਵਿੱਚ ਪੰਜ ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ । ਸਿੱਖ ਸੈਂਟਰ ਆਫ ਵਰਜੀਨੀਆ ਦੀ ਖੁੱਲ੍ਹੀ ਡੁੱਲੀ ਜ਼ਮੀਨ ਉੱਪਰ ਇਕ ਹਜ਼ਾਰ ਤੋਂ ਵੱਧ ਗੱਡੀਆਂ ਦੀ ਗਿਣਤੀ ਹੋਈ ।ਸਟੇਜ ਦੀ ਨੁਮਾਇੰਦਗੀ ਸਰਦਾਰ ਦਵਿੰਦਰ ਸਿੰਘ ਬਦੇਸ਼ਾ ਨੇ ਨਿਭਾਈ । ਪੰਜਾਬ ਤੋਂ ਖਾਸ ਤੌਰ ਤੇ ਭਾਈ ਫ਼ੱਕਰ ਜੀ ਦੇ ਜੱਥੇ ਨੇ ਢਾਡੀ ਵਾਰਾਂ ਰਾਹੀਂ ਰੰਗ ਬੰਨ੍ਹਿਆ ।

ਮੇਲੇ ਵਿੱਚ ਇਲਾਕੇ ਦੇ ਕਈ ਰਾਜਨੀਤਿਕ ਆਗੂ ਵੀ ਹਾਜ਼ਰ ਹੋਏ ਜਿਨ੍ਹਾਂ ਵਿੱਚ ਮੌਜੂਦਾ ਰਿਪਬਲਿਕਨ ਪਾਰਟੀ ਸਰਕਾਰ ਦੇ ਨੁਮਾਇੰਦੇ ਅਤੇ ਡੈਮੋਕਰੈਟਿਕ ਪਾਰਟੀ ਦੇ ਮੈਂਬਰ ਵੀ ਸ਼ਾਮਿਲ ਹੋਏ । ਲੋਕਲ ਸਟੇਟ ਦੇ ਨੁਮਾਇੰਦੇ ਜੇ .ਜੇ ਸਿੰਘ,ਕੁਲਵਿੰਦਰ ਸਿੰਘ ਫਲੋਰਾ , ਮਿਸਟਰ ਗੂਸਮੈਨ , ਵਿਸ਼ਾਲ , ਮਾਰਗਰੈਟ ਫ੍ਰੈਂਕਲਿਨ , ਪਹਿਲੇ ਭਾਰਤੀ ਅਮਰੀਕੀ ਸੈਨੇਟਰ ਕ੍ਰਿਸ਼ਨ ਸ੍ਰੀਨਿਵਾਸਨ , ਸੈਨੇਟਰ ਜੈਰੀ ਮਿਕਬਾਇਕ, ਟਾਮ ਗਾਰਡੀ ਅਤੇ ਮਾਰਕ ਵਾਰਨਰ ਜਿਨ੍ਹਾਂ ਦੀ ਬੇਟੀ ਸਵਰਗਵਾਸ ਹੋ ਗਈ ਸੀ ਨੇ ਆਪਣੇ ਦਫ਼ਤਰ ਵਿੱਚੌਂ ਖ਼ਾਸ ਨੁਮਾਇੰਦਗੀ ਭੇਜ ਕੇ ਸਭ ਨਾਲ ਵਿਸਾਖੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ।ਮੇਲੇ ਵਿੱਚ ਸਥਾਨਕ ਹੋਟਲਾਂ ਅਤੇ ਪੰਜਾਬੀ ਢਾਬਿਆਂ ਵੱਲੋਂ ਜਿੰਨਾਂ ਵਿੱਚ ਬੰਬੇ ਬਾਇਟਸ, ਲੱਸਣ, ਪ੍ਰੀਤ ਪੈਲੇਸ , ਮਹਿਕ ਵੱਲੋਂ ਸਾਰੇ ਮੇਲੇ ਵਿੱਚ ਖਾਣੇ ਦਾ ਬਿਲਕੁਲ ਮੁਫ਼ਤ ਭਰਪੂਰ ਪ੍ਰਬੰਧ ਕੀਤਾ ਗਿਆ ।

ਪੀਜੇ ਦੀ ਸੇਵਾ ਕੁਲਬੀਰ ਸਿੰਘ ਸੰਘੀ ਵੱਲੋਂ ਕੀਤੀ ਗਈ । ਜਿੱਥੇ ਗੰਨੇ ਦੇ ਰਸ ਦੀ ਲਾਇਨ ਸੇਵਾਦਾਰਾਂ ਨੇ ਟੁੱਟਣ ਨਹੀਂ ਦਿੱਤੀ, ਉੱਥੇ ਗੋਲ ਗੱਪੇ ਤੇ ਚਾਟ ਪਾਪੜੀ ਦਹੀਂ ਭੱਲਿਆਂ ਨਾਲ ਸਾਰੇ ਮੇਲੇ ਦੀ ਖੂਬ ਸੇਵਾ ਕੀਤੀ ਗਈ । ਪੂਰੀਆਂ ਛੋਲੇ ਤੋ ਲੈ ਕੇ ਆਇਸ ਕਰੀਮ ਨਾਲ ਖਾਣ ਪੀਣ ਦੇ ਸਾਰੇ ਪ੍ਰਬੰਧ ਬਹੁਤ ਖੂਬਸੂਰਤ ਤਰੀਕੇ ਨਾਲ ਕੀਤੇ ਗਏ । ਕੇਵਲ ਸਿੰਘ ਬਰਾੜ ਵੱਲੋਂ ਵੀ ਭਰਵੀਂ ਸੇਵਾ ਨਿਭਾਈ ਗਈ ।ਰਾਜ ਖਾਲਸਾ ਗੁਰੂ ਘਰ ਨਾਲ ਸਬੰਧਤ ਸੋਹੀ ਪਰਿਵਾਰ ਨੇ ਵੀ ਸੇਵਾ ਨਿਭਾਈ ।ਉੱਘੇ ਕਾਰੋਬਾਰੀ ਮਿੱਠੂ ਸੰਧੂ, ਡਾਕਟਰ ਦਿਵੀਨਾਂ ਡੈਂਟਿਸਦ ਅਤੇ ਸਿਮਰਨ ਕੌਰ ਰਿਐਲਟਰ ਵੱਲੋ ਲਾਟਰੀ ਰਾਹੀਂ ਕਈ ਇਨਾਮ ਵੰਡੇ ਗਏ । ਮੇਲੇ ਵਿੱਚ ਪਹਿਲੀ ਵਾਰੀ ਪੰਜਾਬੀ ਸਭਿਆਚਾਰ ਦੀ ਪ੍ਰਦਰਸ਼ਨੀ ਰਨਬੀਰ ਸਿੰਘ ਅਤੇ ਬੀਬੀ ਰੁਪਿੰਦਰ ਚਾਹਲ ਵੱਲੋਂ ਲਗਾਈ ਗਈ ਜਿਸ ਵਿੱਚ ਪੁਰਾਤਨ ਸਾਜ਼ ਰਬਾਬ , ਵਾਇਲਨ, ਪਿੱਤਲ ਦੇ ਘੜੇ , ਫੁਲਕਾਰੀਆਂ, ਪੀੜੀਆਂ ਅਤੇ ਪਿੱਤਲ ਦਾ ਖੂੰਡਾਂ ਖਿੱਚ ਦਾ ਕੇਂਦਰ ਬਣਿਆ ।

ਪਿੱਤਲ ਦੇ ਖੂੰਡੇ ਨਾਲ ਫੋਟੋਆਂ ਖਿਚਵਾਉਣ ਲਈ ਲੋਕ ਆਪੋ ਆਪਣੀ ਵਾਰੀ ਉਡੀਕ ਕਰਦੇ ਰਹੇ। ਮੇਲੇ ਵਿੱਚ ਬੱਚਿਆਂ ਨੋਜਵਾਨਾਂ ਅਤੇ ਬੀਬੀਆਂ ਦੀ ਸਿਰ ਉੱਪਰ ਘੜਾ ਰਖਵਾ ਕੇ ਦੌੜਾਂ ਦਾ ਮੁਕਾਬਲਾ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।ਰੱਸਾ ਕੱਸੀ ਦੇ ਮੁਕਾਬਲੇ ਮਾਝੇ ਮਾਲਵੇ ਦੇ ਨਾਂ ਹੇਠ ਕਰਵਾ ਕੇ ਖੂਬ ਰੌਣਕਾਂ ਲੱਗੀਆਂ ।ਮੇਲੇ ਵਿੱਚ 26 ਦੇ ਕਰੀਬ ਕਾਰੋਬਾਰੀ ਵਿਕਰੇਤਾ ਆਏ ਹੋਏ ਸਨ ਜਿਨ੍ਹਾਂ ਦੇ ਸਮਾਨ ਜਿਸ ਵਿੱਚ ਪੰਜਾਬੀ ਜੁੱਤੀਆਂ, ਔਰਤਾਂ ਲਈ ਖ਼ਾਸ ਖਿੱਚ ਪਰਾਂਦੀਆਂ, ਚੂੜੀਆਂ, ਤਰੰਗਾਂ ਤਰਾਂ ਦੇ ਪੰਜਾਬੀ ਸੂਟ ਅਤੇ ਬੱਚਿਆਂ ਦੇ ਖਿਡੌਣੇ ਦੀ ਖਰੀਦਦਾਰੀ ਲਈ ਮੇਲੇ ਵਿੱਚ ਸ਼ਾਮਲ ਹੋਏ ਲੋਕਾਂ ਨੇ ਲਾਈਨਾਂ ਬੰਨ੍ਹੀਆਂ ਅਤੇ ਕਾਰੋਬਾਰੀ ਨਿਹਾਲ ਹੋ ਗਏ।ਮੇਲੇ ਦੀ ਖਾਸ ਗੱਲ ਇਹ ਸੀ ਕਿ ਇਲਾਕੇ ਦੇ ਹੋਰਨਾਂ ਗੁਰਦੁਆਰਿਆਂ ਵਿੱਚਲੇ ਪ੍ਰਬੰਧਕ ਵੀ ਮੇਲੇ ਵਿੱਚ ਹਾਜ਼ਰ ਹੋਏ ।

ਸਿੱਖ ਫਾਉਂਡੇਸ਼ਨ ਆਫ ਵਰਜੀਨੀਆ ਵੱਲੋਂ ਸੁਰਜੀਤ ਸਿੰਘ ਸਿੱਧੂ ਵੀ ਹਾਜ਼ਰ ਹੋਏ । ਸਵੇਰੇ ਦੇ 10:00 ਵਜੇ ਤੋਂ ਸ਼ੁਰੂ ਹੋਏ ਮੇਲੇ ਵਿੱਚ ਗੁਆਚਿਆਂ ਸੁਰਮਈ ਸ਼ਾਮ ਦੇ ਪੰਜ ਕਦੋਂ ਵੱਜ ਗਏ ਸਮਾਂ ਪਲਾਂ ਵਿੱਚ ਹੀ ਗੁਜ਼ਰ ਗਿਆ ।ਹਮੇਸ਼ਾ ਦੀ ਤਰ੍ਹਾਂ ਸਿੱਖ ਸੈਂਟਰ ਆਫ ਵਿਰਜੀਨੀਆ ਦਾ ਇਹ ਮੇਲਾ ਆਪਣੀ ਅਦੁੱਤੀ ਤੇ ਵਿਰਾਸਤੀ ਛਾਪ ਦਿਲਾਂ ਵਿੱਚ ਛੱਡ ਗਿਆ । ਮੇਲੇ ਦੇ ਅਖੀਰ ਤੇ ਸਮੂਹ ਸਿੱਖ ਸੈਂਟਰ ਆਫ ਵਿਰਜੀਨੀਆ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਰਦਾਰ ਦਵਿੰਦਰ ਸਿੰਘ ਬਦੇਸ਼ਾ ਰਾਹੀਂ ਅਗਲੇ ਮੇਲੇ ਦੇ ਵਾਅਦੇ ਨਾਲ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।














