चंडीगढ़ताज़ा खबरपंजाबराजनीति

ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ AAP ਸਰਕਾਰ ਦੌਰਾਨ ਚਾਰ ਗੁਣਾ ਵਧੀ : ਕਾਂਗਰਸ

ਪੁੱਛਿਆ – ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਲਈ ਹੁਣ ਤੱਕ ਕਿੰਨੇ ਐਸਐਸਪੀ ਤੇ ਪੁਲਿਸ ਕਮਿਸ਼ਨਰ ਜ਼ਿੰਮੇਵਾਰ ਠਹਿਰਾਏ ਗਏ?

ਪੰਜਾਬ ਵਿੱਚ ਭ੍ਰਿਸ਼ਟਾਚਾਰ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ

ਈਡੀ ਨੂੰ ਖੁਦ ਕਾਰਵਾਈ ਕਰਨ ਦੀ ਬਜਾਏ ਡੀਜੀਪੀ ਨੂੰ ਚਿੱਠੀ ਲਿਖਣ ਦੀ ਲੋੜ ਕਿਉਂ ਪਈ?

ਭਾਜਪਾ ਅਤੇ ‘ਆਪ’ ਵਿਚਾਲੇ ਅੰਦਰੂਨੀ ਸਮਝੌਤਾ ਹੋਣ ਦਾ ਲਾਇਆ ਦੋਸ਼

ਚੰਡੀਗੜ੍ਹ, 22 ਅਗਸਤ (ਬਿਊਰੋ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਕਈ ਗੁਣਾ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਖ਼ਤਮ ਕਰਨ ਦੀ ਗੱਲ ਤਾਂ ਦੂਰ, ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਹੋਰ ਵੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਅੱਜ ਸ਼ਾਇਦ ਹੀ ਕੋਈ ਅਜਿਹਾ ਪਰਿਵਾਰ ਹੋਵੇ ਜੋ ਇਸ ਸਮੱਸਿਆ ਤੋਂ ਪ੍ਰਭਾਵਿਤ ਨਾ ਹੋਵੇ ਜਾਂ ਆਪਣੇ ਬੱਚਿਆਂ ਦੇ ਨਸ਼ਿਆਂ ਦੀ ਲਪੇਟ ਵਿੱਚ ਆਉਣ ਨੂੰ ਲੈ ਕੇ ਚਿੰਤਾ ਵਿੱਚ ਨਾ ਹੋਵੇ।

ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਚਾਰ ਸਵਾਲਾਂ ਦੇ ਜਵਾਬ ਮੰਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ‘ਤੇ ਕਰੋੜਾਂ ਰੁਪਏ ਖਰਚ ਕੀਤੇ ਹਨ, ਜੇਕਰ ਇਹ ਮੁਹਿੰਮ ਸਫ਼ਲ ਰਹੀ ਹੈ ਤਾਂ ਫਿਰ ਸੂਬੇ ਵਿੱਚ ਨਸ਼ਿਆਂ ਕਾਰਨ ਲਗਾਤਾਰ ਮੌਤਾਂ ਕਿਉਂ ਵੱਧ ਰਹੀਆਂ ਹਨ?

ਉਨ੍ਹਾਂ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਯਾਦ ਕਰਵਾਇਆ ਕਿ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਮਈ 2025 ਤੋਂ ਬਾਅਦ ਹਰ ਜ਼ਿਲ੍ਹੇ ਦਾ ਪੁਲਿਸ ਮੁਖੀ ਆਪਣੇ ਜ਼ਿਲ੍ਹੇ ਵਿੱਚ ਨਸ਼ਿਆਂ ਕਾਰਨ ਹੋਣ ਵਾਲੀ ਮੌਤ ਲਈ ਜ਼ਿੰਮੇਵਾਰ ਹੋਵੇਗਾ। ਵੜਿੰਗ ਨੇ ਪੁੱਛਿਆ ਕਿ ਉਸ ਤੋਂ ਬਾਅਦ ਨਸ਼ਿਆਂ ਕਾਰਨ ਹੋਈਆਂ ਕਿੰਨੀਆਂ ਮੌਤਾਂ ਦੇ ਮਾਮਲੇ ਵਿੱਚ ਹੁਣ ਤੱਕ ਕਿੰਨੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ? ਕਿੰਨਿਆਂ ‘ਤੇ ਕਾਰਵਾਈ ਕੀਤੀ ਗਈ ਹੈ?

ਰਾਜਾ ਵੜਿੰਗ ਨੇ ਵੱਖ-ਵੱਖ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਠਿੰਡਾ, ਮਾਨਸਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਨਸ਼ਿਆਂ ਦੀ ਸਮੱਸਿਆ ਸਭ ਤੋਂ ਗੰਭੀਰ ਬਣੀ ਹੋਈ ਹੈ। ਉਨ੍ਹਾਂ ਸਵਾਲ ਕੀਤਾ ਕਿ ਨਸ਼ਿਆਂ ਦੀ ਸਪਲਾਈ ਚੇਨ ਦੀ ਸਰਪ੍ਰਸਤੀ ਕੌਣ ਕਰ ਰਿਹਾ ਹੈ ਅਤੇ ਕੌਣ ਇਸ ਦੀ ਰੱਖਿਆ ਕਰ ਰਿਹਾ ਹੈ? ਕੀ ਇਸ ਲਈ ਸਥਾਨਕ ਐਸਐਸਪੀ ਜ਼ਿੰਮੇਵਾਰ ਹੈ ਜਾਂ ਸੱਤਾਧਾਰੀ ਪਾਰਟੀ ਦੇ ਸਥਾਨਕ ਆਗੂ?

ਉਨ੍ਹਾਂ ਕਿਹਾ ਕਿ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਤਿੰਨ ਮਹੀਨਿਆਂ ਵਿੱਚ ਤੋੜਨ ਦਾ ਦਾਅਵਾ ਕੀਤਾ ਸੀ, ਪਰ ਤੱਥ ਇਹ ਹੈ ਕਿ ਸਰਕਾਰ ਤਾਂ ਪੰਜ ਸਾਲਾਂ ਵਿੱਚ ਵੀ ਇਸ ਨੂੰ ਖ਼ਤਮ ਨਹੀਂ ਕਰ ਸਕੀ, ਉਲਟਾ, ਸਰਕਾਰ ਦੀ ਸਰਪ੍ਰਸਤੀ ਕਾਰਨ ਨਸ਼ਿਆਂ ਦੀ ਸਪਲਾਈ ਚੇਨ ਹੋਰ ਮਜ਼ਬੂਤ ਹੋਈ ਹੈ।

ਵੜਿੰਗ ਨੇ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੀ ਸਥਿਤੀ ਇੰਨੀ ਗੰਭੀਰ ਤੇ ਚਿੰਤਾਜਨਕ ਹੋ ਚੁੱਕੀ ਹੈ ਕਿ ਮਾਨਸਾ ਵਿੱਚ ਇੱਕ ਮਹਿਲਾ ਖਿਡਾਰਨ ਵੱਲੋਂ ਨਸ਼ਾ ਖਰੀਦਣ ਲਈ ਆਪਣਾ ਛੇ ਮਹੀਨੇ ਦਾ ਬੱਚਾ ਵੇਚਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।

ਉਨ੍ਹਾਂ ਨੇ ਖੁਲਾਸਾ ਕੀਤਾ ਕਿ 14 ਤੋਂ 20 ਅਗਸਤ ਦੇ ਦਰਮਿਆਨ ਮਾਲਵਾ ਖੇਤਰ ਵਿੱਚ ਨਸ਼ਿਆਂ ਨਾਲ ਸਬੰਧਤ 7-8 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚ ਇੱਕ ਤਾਂ 16 ਸਾਲਾਂ ਦਾ ਮੁੰਡਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਉਹ ਮਾਮਲੇ ਹਨ ਜੋ ਰਿਪੋਰਟ ਹੋਏ ਹਨ, ਜਦਕਿ ਸਮਾਜਿਕ ਬਦਨਾਮੀ ਦੇ ਡਰ ਕਾਰਨ ਕਈ ਮਾਪੇ ਆਪਣੇ ਬੱਚਿਆਂ ਦੀ ਨਸ਼ਿਆਂ ਕਾਰਨ ਹੋਈ ਮੌਤ ਦੀ ਗੱਲ ਸਾਹਮਣੇ ਨਹੀਂ ਲਿਆਉਂਦੇ।

ਮੁੱਖ ਮੰਤਰੀ ਦੀ ਪਤਨੀ ‘ਤੇ ਇੱਕ ਬਲਾਤਕਾਰ ਮਾਮਲੇ ਨੂੰ ਦਬਾਉਣ ਲਈ 5 ਕਰੋੜ ਰੁਪਏ ਮੰਗਣ ਦੇ ਦੋਸ਼ਾਂ ‘ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ ਲੈਣ ਅਤੇ ਮੁੱਖ ਮੰਤਰੀ ਦੇ ਓਐਸਡੀ ਖ਼ਿਲਾਫ਼ ਮਾਮਲਾ ਦਰਜ ਕਰਨ ਸਬੰਧੀ ਈਡੀ ਵੱਲੋਂ ਡੀਜੀਪੀ ਨੂੰ ਲਿਖੇ ਪੱਤਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ ਅਤੇ ਇਹ ਸਭ ਕੁਝ ਭਗਵੰਤ ਮਾਨ ਦੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ।

ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਵਿੱਚ ਭਾਜਪਾ ਅਤੇ ਪੰਜਾਬ ਵਿੱਚ ‘ਆਪ’ ਵਿਚਾਲੇ ਅੰਦਰੂਨੀ ਸਮਝੌਤਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ‘ਆਪ’ ਗੁਜਰਾਤ ਵਿੱਚ ਉਸ ਦੀ ਮਦਦ ਕਰੇ ਅਤੇ ਬਦਲੇ ਵਿੱਚ ਭਾਜਪਾ ਪੰਜਾਬ ਵਿੱਚ ‘ਆਪ’ ਦੀ ਮਦਦ ਕਰੇ। ਉਨ੍ਹਾਂ ਨੇ ਸਵਾਲ ਕੀਤਾ ਕਿ ਜੇਕਰ ਅਜਿਹਾ ਕੋਈ ਸਮਝੌਤਾ ਨਹੀਂ ਹੈ ਤਾਂ ਈਡੀ ਨੇ ਖੁਦ ਕਾਰਵਾਈ ਕਰਨ ਦੀ ਬਜਾਏ ਡੀਜੀਪੀ ਨੂੰ ਮਾਮਲਾ ਦਰਜ ਕਰਨ ਲਈ ਚਿੱਠੀ ਕਿਉਂ ਲਿਖੀ? ਕਾਂਗਰਸ ਆਗੂਆਂ ਦੇ ਮਾਮਲਿਆਂ ਵਿੱਚ ਤਾਂ ਈਡੀ ਵੱਲੋਂ ਪਹਿਲੀ ਹੀ ਪੇਸ਼ੀ ‘ਤੇ ਸਿੱਧੇ ਤੌਰ ‘ਤੇ ਸੰਮਨ ਜਾਰੀ ਕਰਕੇ ਪੁੱਛਗਿੱਛ ਕੀਤੀ ਗਈ ਅਤੇ ਗ੍ਰਿਫ਼ਤਾਰੀਆਂ ਤੱਕ ਕੀਤੀਆਂ ਗਈਆਂ।

ਵੜਿੰਗ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਆਪਣੇ ਖ਼ਿਲਾਫ਼ ਸੀਬੀਆਈ ਜਾਂਚ ਦੀ ਮੰਗ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਅਤੇ ‘ਆਪ’ ਵਿਚਾਲੇ ਕੋਈ ਸਮਝ ਨਹੀਂ ਹੈ ਤਾਂ ਬੈਂਸ ਉਸੇ ਸੀਬੀਆਈ ਤੋਂ ਜਾਂਚ ਦੀ ਮੰਗ ਕਿਉਂ ਕਰ ਰਹੇ ਹਨ, ਜਿਸ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਜਿਸ ‘ਤੇ ‘ਆਪ’ ਵੱਲੋਂ ਭਾਜਪਾ ਦੇ ਇਸ਼ਾਰੇ ‘ਤੇ ਕੰਮ ਕਰਨ ਦੇ ਦੋਸ਼ ਲਗਾਏ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਨਿਸ਼ਚਿਤ ਤੌਰ ‘ਤੇ ਹੁਣ ਹਾਲਾਤ ਬਦਲ ਗਏ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਭ੍ਰਿਸ਼ਟਾਚਾਰ ਨਾਲ ਜੁੜੇ ਇਨ੍ਹਾਂ ਗੰਭੀਰ ਮਾਮਲਿਆਂ ‘ਤੇ ਮੁੱਖ ਮੰਤਰੀ, ਡੀਜੀਪੀ ਅਤੇ ਈਡੀ-ਤਿੰਨਾਂ ਨੂੰ ਆਪਣੀ-ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਅਤੇ ਹੁਣ ਤੱਕ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।

ਹਰਿਆਣਾ ਦੇ ਸੰਸਦ ਮੈਂਬਰ ਦੀਪਇੰਦਰ ਹੁੱਡਾ ਵੱਲੋਂ 1984 ਦੇ ਦਿੱਲੀ ਵਿਰੋਧੀ ਸਿੱਖ ਦੰਗਿਆਂ ਵਿੱਚ ਸਿੱਖਾਂ ਦੀ ਹੱਤਿਆ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਦੀ ਤਾਰੀਫ਼ ਕੀਤੇ ਜਾਣ ਸਬੰਧੀ ਸਵਾਲ ਦੇ ਜਵਾਬ ਵਿੱਚ ਵੜਿੰਗ ਨੇ ਕਿਹਾ ਕਿ ਕੋਈ ਵੀ ਸੂਝਵਾਨ ਵਿਅਕਤੀ, ਭਾਵੇਂ ਉਹ ਸਿੱਖ ਹੋਵੇ ਜਾਂ ਗੈਰ-ਸਿੱਖ, 1984 ਦੇ ਦਰਦ ਅਤੇ ਤ੍ਰਾਸਦੀ ਨੂੰ ਨਹੀਂ ਭੁੱਲ ਸਕਦਾ।

Show More

Related Articles

Leave a Reply

Your email address will not be published. Required fields are marked *

Back to top button