
ਅਕਾਲੀ ਦਲ ਨੇ ਜ਼ਿਮਨੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੀ ਖਿੱਚੀ ਤਿਆਰੀ
ਐਚਐਸ ਵਾਲੀਆ ਵੱਲੋਂ ਅਕਾਲੀ ਵਰਕਰਾਂਂ ਨੂੰ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ
ਕਪੂਰਥਲਾ, 01 ਨਵੰਬਰ (ਗੌਰਵ ਮੜੀਆ) : ਸ਼੍ਰੋਮਣੀ ਅਕਾਲੀ ਦਲ ਨੇ ਆਉਂਦੇ ਦਿਨਾਂ ਵਿੱਚ ਹੋਣ ਵਾਲੀਆਂ ਤਰਨਤਾਰਨ ਦੀਆਂ ਜਿਮਨੀ ਚੋਣਾਂ ਤੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਤਿਆਰੀਆਂ ਖਿੱਚ ਦਿੱਤੀਆਂ ਹਨ।ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੀਤੀ ਜਾ ਰਹੀ ਨਿਰਸਵਾਥ ਸੇਵਾ ਦੇ ਬਾਅਦ ਲੋਕਾਂ ਦੇ ਅਕਾਲੀ ਦਲ ਵੱਲ ਝੁਕਾਅ ਨੂੰ ਦੇਖਦੇ ਹੋਏ ਅਕਾਲੀ ਦਲ ਲੀਡਰਸ਼ਿਪ ਅਤੇ ਵਰਕਰ ਕਾਫ਼ੀ ਉਤਸ਼ਾਹਿਤ ਹਨ। ਸ਼ਨੀਵਾਰ ਹਲਕਾ ਕਪੂਰਥਲਾ ਦੇ ਪਿੰਡ ਨੱਥੂ ਚਾਹਲ ਵਿਖੇ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਸਰਕਲ ਜਥੇਦਾਰ ਸਰਦਾਰ ਜਰਨੈਲ ਸਿੰਘ ਦੇ ਗ੍ਰਹਿ ਵਿਖੇ ਸਾਰੇ ਸਰਕਲ ਜਥੇਦਾਰ ਸਾਹਿਬਾਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹਲਕਾ ਇੰਚਾਰਜ ਐਚਐਸ ਵਾਲੀਆ ਦੀ ਅਗਵਾਈ ਹੇਠ ਕੀਤੀ ਗਈ।
ਇਸ ਮੀਟਿੰਗ ਵਿੱਚ ਅਕਾਲੀ ਆਗੂਆਂ ਨੇ ਤਰਨਤਾਰਨ ਦੀਆਂ ਜ਼ਿਮਨੀ ਚੋਣਾਂ,ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ।ਇਸ ਮੌਕੇ ਹਲਕਾ ਇੰਚਾਰਜ ਐਚਐਸ ਵਾਲੀਆ ਨੇ ਕਿਹਾ ਕਿ ਅਕਾਲੀ ਦਲ ਚੋਣਾਂ ਸਬੰਧੀ ਜਲਦੀ ਹੀ ਅਗਲੀ ਰਣਨੀਤੀ ਦੀ ਐਲਾਨ ਕਰੇਗਾ ਅਤੇ ਚੰਗੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਚਐਸ ਵਾਲੀਆ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵਧੀਕੀਆਂ ਕਾਰਨ ਲੋਕਾਂ ਵਿੱਚ ਆਪਣਾ ਆਧਾਰ ਗੁਆ ਚੁੱਕੀ ਹੈ ਅਤੇ ਸਾਰੇ ਵਰਗਾਂ ਦੇ ਲੋਕ ਬੇਹੱਦ ਦੁਖੀ ਹਨ।ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਸਰਕਾਰ ਨੇ ਕਪੂਰਥਲਾ ਨੂੰ ਕੋਈ ਪ੍ਰਾਜੈਕਟ ਨਹੀਂ ਦਿੱਤਾ ਅਤੇ ਪਿੰਡਾਂ ਨੂੰ ਸਰਕਾਰ ਨੇ ਕੋਈ ਗਰਾਂਟ ਨਹੀਂ ਦਿੱਤੀ।ਜਿਸ ਕਾਰਨ ਵਿਕਾਸ ਦੀ ਗੱਡੀ ਲੀਹ ਤੋਂ ਲੱਥ ਚੁੱਕੀ ਹੈ।

ਐਚਐਸ ਵਾਲੀਆ ਨੇ ਕਿਹਾ ਹੈ ਕਿ ਪੰਜਾਬ ਦੀ ਸੁਰੱਖਿਆ, ਭਾਈਚਾਰਕ ਏਕਤਾ ਅਤੇ ਲੋਕਤੰਤਰ ਦੀ ਰੱਖਿਆ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹੀ ਸੰਭਵ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਸਿੱਖ ਸੰਸਥਾਵਾਂ,ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਇੱਕ ਵਾਰ ਫਿਰ ਪੰਜਾਬ ਦੀ ਰਾਜਨੀਤੀ ਵਿੱਚ ਪੰਥਕ ਆਦਰਸ਼ਾਂ ਅਤੇ ਸੱਚਾਈ ਦਾ ਝੰਡਾ ਬੁਲੰਦ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਪਾਰਟੀ ਕਿਸੇ ਵੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਵੇਗੀ ਜੋ ਸਿੱਖ ਧਰਮ ਜਾਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀ ਹੈ।ਐਚਐਸ ਵਾਲੀਆ ਨੇ ਦੋਸ਼ ਲਗਾਇਆ ਕਿ ਪੰਜਾਬ ਪੁਲਿਸ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਰਾਜਨੀਤਿਕ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਸਰਕਾਰੀ ਏਜੰਸੀਆਂ ਨੂੰ ਆਪ ਦੇ ਹਿੱਤਾਂ ਦੀ ਰਾਖੀ ਲਈ ਵਰਤਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਅਕਾਲੀ ਦਲ ਦੇ ਆਗੂਆਂ,ਵਰਕਰਾਂ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਝੂਠੇ ਮਾਮਲਿਆਂ ਵਿੱਚ ਫਸਾ ਰਹੀ ਹੈ।ਸਰਕਾਰ ਜਾਲ ਵਰਤ ਕੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ,ਪਰ ਅਕਾਲੀ ਦਲ ਕਿਸੇ ਵੀ ਹਾਲਤ ਵਿੱਚ ਡਰੇਗਾ ਨਹੀਂ।ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਧਰਮ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਲਈ ਮਹਾਨ ਕੁਰਬਾਨੀਆਂ ਦਿੱਤੀਆਂ,ਉਸੇ ਤਰ੍ਹਾਂ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਰਾਖੀ ਲਈ ਡਟ ਕੇ ਖੜ੍ਹਾ ਰਹੇਗਾ।ਉਨ੍ਹਾਂਨੇ ਕਿਹਾ ਕਿ ਅਕਾਲੀ ਵਰਕਰਾਂ ਦਾ ਉਦੇਸ਼ ਸਿਰਫ਼ ਰਾਜਨੀਤੀ ਨਹੀਂ ਹੈ, ਸਗੋਂ ਪੰਥਕ ਸੇਵਾ ਅਤੇ ਲੋਕ ਭਲਾਈ ਹੈ।ਉਨ੍ਹਾਂ ਕਿਹਾ ਕਿ ਹਰ ਅਕਾਲੀ ਦਲ ਵਰਕਰ ਹੁਣ ਪਿੰਡ-ਪਿੰਡ ਜਾ ਕੇ ਲੋਕਾਂ ਤੱਕ ਸੰਪਰਦਾਇਕ ਏਕਤਾ, ਸੱਚਾਈ ਅਤੇ ਪੰਜਾਬ ਦੇ ਸਵੈ-ਮਾਣ ਦਾ ਸੁਨੇਹਾ ਪਹੁੰਚਾਏਗਾ।ਉਨ੍ਹਾਂਨੇ ਕਿਹਾ ਕਿ ਅਕਾਲੀ ਦਲ ਦਾ ਰਾਜ ਹੀ ਪੰਜਾਬ ਦੀ ਸੁਰੱਖਿਆ,ਧਾਰਮਿਕ ਸਦਭਾਵਨਾ ਅਤੇ ਭਵਿੱਖ ਦੀ ਇੱਕੋ ਇੱਕ ਗਰੰਟੀ ਹੈ।
ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ,ਸੀਨੀਅਰ ਆਗੂ ਤੇ ਸੂਬਾ ਕਾਰਜਕਾਰਣੀ ਦੇ ਮੈਂਬਰ ਤੇਜਾ ਸਿੰਘ ਬਰਿੰਦਪੁਰ,ਸੀਨੀਅਰ ਆਗੂ ਸਤਨਾਮ ਸਿੰਘ ਜੱਲੋਵਾਲ,ਤਰਲੋਚਨ ਸਿੰਘ ਬਰਿੰਦਪੁਰ,ਹਰਜਿੰਦਰ ਸਿੰਘ ਖਾਨੋਵਾਲ,ਗੁਰਮੀਤ ਸਿੰਘ ਬੂਟਾ,ਸਤਨਾਮ ਸਿੰਘ ਬਾਜਵਾ,ਮਹਿੰਦਰ ਸਿੰਘ ਮੇਜਰਵਾਲ, ਇੰਦਰਜੀਤ ਸਿੰਘ ਮੰਨਣ,ਸਤਵਿੰਦਰ ਸਿੰਘ ਔਜਲਾ,ਜਰਨੈਲ ਸਿੰਘ ਬਾਜਵਾ,ਸੁਖਵਿੰਦਰ ਸਿੰਘ ਨਵਾਂਪਿੰਡ,ਨਿਰਮਲ ਸਿੰਘ ਕਾਹਲਵਾਂ,ਅਵਤਾਰ ਸਿੰਘ ਸਿਨਪੁਰਾ(ਸਾਰੇ ਸਰਕਲ ਜੱਥੇਦਾਰ) ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੱਲੂਕਦਰਾਬਾਦ ਆਦਿ ਮੌਜੂਦ ਸਨ।









