
ਜਲੰਧਰ, 01 ਅਗਸਤ (ਕਬੀਰ ਸੌਂਧੀ) : ਜਲੰਧਰ ਨੇ ਸ਼ਹਿਰ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਰਾਇਲ ਸਪਾ ਮਸਾਜ ਸੈਂਟਰ ਦੀ ਆੜ ਹੇਠ ਕਥਿਤ ਤੌਰ ‘ਤੇ ਚੱਲ ਰਹੇ ਦੇਹ-ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 3 ਲੜਕੀਆਂ ਅਤੇ 1 ਨੌਜਵਾਨ ਨੂੰ ਗ੍ਰਿਫਤਾਰ ਕਰਕੇ ਮੌਕੇ ਤੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਕਮਿਸ਼ਨਰ ਪੁਲਿਸ ਸਤਿੰਦਰ ਸਿੰਘ ਆਈਪੀਐੱਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ।
ਇਸ ਮੁਹਿੰਮ ਦੀ ਨਿਗਰਾਨੀ ਏਡੀਸੀਪੀ ਸਿਟੀ-2 ਰਾਕੇਸ਼ ਯਾਦਵ ਪੀਪੀਐੱਸ ਅਤੇ ਏਸੀਪੀ ਮਾਡਲ ਟਾਊਨ ਮਨਮੋਹਨ ਸਿੰਘ ਪੀਪੀਐੱਸ ਵੱਲੋਂ ਕੀਤੀ ਗਈ, ਜਦਕਿ ਥਾਣਾ ਡਿਵੀਜ਼ਨ ਨੰਬਰ 7 ਦੇ ਮੁੱਖ ਅਫਸਰ ਇੰਸਪੈਕਟਰ ਰਵਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਇਹ ਛਾਪੇਮਾਰੀ ਕੀਤੀ। ਪੁਲਿਸ ਮੁਤਾਬਕ ਗਸ਼ਤ ਦੌਰਾਨ ਟੀਮ ਫੇਜ਼-1 ਲਾਈਟਾਂ ਨੇੜੇ ਮੌਜੂਦ ਸੀ, ਜਿੱਥੇ ਇੱਕ ਭਰੋਸੇਯੋਗ ਮੁਖਬਰ ਨੇ ਸੂਚਨਾ ਦਿੱਤੀ ਕਿ ਛੋਟੀ ਬਾਰਾਦਰੀ ਪਾਰਟ-2, ਤਾਜ ਮਾਰਕੀਟ, ਗੜ੍ਹਾ ਸਥਿਤ ਰਾਇਲ ਸਪਾ ਮਸਾਜ ਸੈਂਟਰ ਵਿੱਚ ਮਸਾਜ ਦੀ ਆੜ ਹੇਠ ਦੇਹ-ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ।

ਮੁਖਬਰ ਨੇ ਦੱਸਿਆ ਕਿ ਉੱਥੇ ਕਈ ਲੜਕੀਆਂ ਰੱਖੀਆਂ ਹੋਈਆਂ ਹਨ, ਜਿਨ੍ਹਾਂ ਤੋਂ ਇਹ ਗੈਰ-ਕਾਨੂੰਨੀ ਕੰਮ ਕਰਵਾਇਆ ਜਾਂਦਾ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਛਾਪੇਮਾਰੀ ਦੀ ਯੋਜਨਾ ਬਣਾਈ। ਛਾਪੇਮਾਰੀ ਦੌਰਾਨ ਪੁਲਿਸ ਨੇ ਮੌਕੇ ਤੋਂ ਇੱਕ ਨੌਜਵਾਨ ਅਤੇ 3 ਲੜਕੀਆਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਪੁਲਿਸ ਨੂੰ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਹੋਈ, ਜਿਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ।
ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 7 ਵਿੱਚ ਮੁਕੱਦਮਾ ਨੰਬਰ 181 ਮਿਤੀ 31.07.2026 ਅਧੀਨ ਧਾਰਾ 3, 4 ਅਤੇ 5 ਇਮੋਰਲ ਟਰੈਫਿਕ (ਪ੍ਰੀਵੈਂਸ਼ਨ) ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਅਸ਼ੋਕ ਉਰਫ ਆਰੀਅਨ ਪੁੱਤਰ ਰਾਮ ਕੁਮਾਰ ਵਾਸੀ ਮਕਾਨ ਨੰਬਰ 198/30, ਸੈਨੀਪੁਰਾ, ਰੋਹਤਕ, ਹਾਲ ਵਾਸੀ ਰੋਹਿਣੀ ਸੈਕਟਰ 1, ਅੰਤਿਕਾ ਮਾਰਕੀਟ, ਬੀ-722, ਦਿੱਲੀ ਸ਼ਾਮਲ ਹੈ।
ਇਸ ਤੋਂ ਇਲਾਵਾ ਪੂਜਾ ਪੁੱਤਰੀ ਰਜਿੰਦਰ ਕੁਮਾਰ ਵਾਸੀ ਮਾਡਲ ਟਾਊਨ, ਪਾਣੀਪਤ, ਪ੍ਰੀਤੀ ਮਿਸ਼ਰਾ ਪੁੱਤਰੀ ਕਿਸ਼ੋਰੀ ਮਿਸ਼ਰਾ ਵਾਸੀ ਮਕਾਨ ਨੰਬਰ 138, ਮਨਜੀਤ ਨਗਰ, ਬਸਤੀ ਗੁੱਜਾ, ਜਲੰਧਰ ਅਤੇ ਵੰਦਨਾ ਪੁੱਤਰੀ ਕਪਤਾਲ ਸਿੰਘ ਵਾਸੀ ਮਕਾਨ ਨੰਬਰ 1011, ਅਸਲਾ ਸੁਸ਼ਾਨ ਸਿਟੀ, ਪਾਈਪੋਤ, ਹਰਿਆਣਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਰੈਕੇਟ ਨਾਲ ਹੋਰ ਕੌਣ-ਕੌਣ ਜੁੜਿਆ ਹੋਇਆ ਹੈ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਧੰਦੇ ਦਾ ਸੰਚਾਲਨ ਕਿੰਨੇ ਸਮੇਂ ਤੋਂ ਕੀਤਾ ਜਾ ਰਿਹਾ ਸੀ ਅਤੇ ਇਸ ਦੇ ਪਿੱਛੇ ਹੋਰ ਕਿਹੜੇ ਲੋਕਾਂ ਦੀ ਭੂਮਿਕਾ ਰਹੀ ਹੈ।










