
ਜਲੰਧਰ, 10 ਅਗਸਤ (ਕਬੀਰ ਸੌਂਧੀ) : ਆਲ ਇੰਡੀਆ ਬ੍ਰਾਹਮਣ ਫਰੰਟ ਦੇ ਰਾਸ਼ਟਰੀ ਪ੍ਰਧਾਨ ਮਹੰਤ ਸਵਰੂਪ ਬਿਹਾਰੀ ਸ਼ਰਨ, ਪੰਜਾਬ ਪ੍ਰਧਾਨ ਸ਼੍ਰੀ ਕੰਠ ਜੱਜ ਅਤੇ ਚੇਅਰਮੈਨ ਗੁਲਸ਼ਨ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ਤੋਂ ਗਊਮਾਤਾ ਨੂੰ ਰਾਸ਼ਟਰੀ ਪਸ਼ੂ ਦਾ ਦਰਜਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਗਊਆਂ ਦੀ ਹੱਤਿਆ ਹੋ ਰਹੀ ਹੈ, ਜਿਸ ਨੂੰ ਰੋਕਣ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਫਰੰਟ ਦੇ ਆਗੂਆਂ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਗਊਮਾਤਾ ਨੂੰ ਰਾਜ ਪਸ਼ੂ ਐਲਾਨਣ ਲਈ ਧੰਨਵਾਦ ਕੀਤਾ। ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਬੇਅਦਬੀ ਕਾਨੂੰਨ ਪਾਸ ਕਰਨ ਦੇ ਕਦਮ ਦੀ ਸ਼ਲਾਘਾ ਕਰਦਿਆਂ ਮੰਗ ਕੀਤੀ ਕਿ ਵਿਸ਼ੇਸ਼ ਸੈਸ਼ਨ ਬੁਲਾ ਕੇ ਗਊਮਾਤਾ ਨੂੰ ਪੰਜਾਬ ਦਾ ਰਾਜ ਪਸ਼ੂ ਐਲਾਨਿਆ ਜਾਵੇ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਰਕਾਰੀ ਗਊਸ਼ਾਲਾਵਾਂ ਨਹੀਂ ਹਨ, ਉੱਥੇ ਗਊਸ਼ਾਲਾਵਾਂ ਬਣਾਈਆਂ ਜਾਣ ਤਾਂ ਜੋ ਆਵਾਰਾ ਗਊਵੰਸ਼ ਨੂੰ ਉੱਥੇ ਰੱਖਿਆ ਜਾ ਸਕੇ ਅਤੇ ਸੜਕਾਂ ’ਤੇ ਹੋ ਰਹੇ ਹਾਦਸਿਆਂ ਨੂੰ ਘਟਾਇਆ ਜਾ ਸਕੇ।
ਇਸ ਤੋਂ ਇਲਾਵਾ ਪੰਜਾਬ ਦੇ ਮੰਦਰਾਂ, ਗੁਰਦੁਆਰਿਆਂ ਅਤੇ ਮਸਜਿਦਾਂ ਦੇ ਵਪਾਰਕ ਬਿਜਲੀ ਬਿੱਲ ਮੁਆਫ ਕਰਨ, ਬ੍ਰਾਹਮਣ ਲੜਕੀਆਂ ਨੂੰ ਸ਼ਗਨ ਸਕੀਮ ਤਹਿਤ ਆਰਥਿਕ ਸਹਾਇਤਾ ਦੇਣ ਅਤੇ ਪੰਜਾਬ ਬ੍ਰਾਹਮਣ ਭਲਾਈ ਬੋਰਡ ਨੂੰ ਫੰਡ ਮੁਹੱਈਆ ਕਰਵਾਉਣ ਦੀ ਮੰਗ ਦੀ ਕੀਤੀ ਗਈ। ਉਨ੍ਹਾਂ ਮੰਦਰਾਂ ਦੇ ਪੁਜਾਰੀਆਂ ਨੂੰ ਦਿੱਲੀ ਦੀ ਤਰਜ਼ ‘ਤੇ ਮਾਣ ਭੱਤਾ ਦੇਣ ਦੀ ਮੰਗ ਵੀ ਰੱਖੀ। ਫਰੰਟ ਨੇ ਭਗਵਾਨ ਪਰਸ਼ੁਰਾਮ ਦੀ ਤਪਸਥਲੀ ਖਾਟੀਂ ਦੇ ਵਿਕਾਸ ਲਈ ਗ੍ਰਾਂਟ ਦੇਣ, ਪੰਜਾਬੀ ਯੂਨੀਵਰਸਿਟੀ ਵਿੱਚ ਭਗਵਾਨ ਪਰਸ਼ੁਰਾਮ ਚੇਅਰ ਲਈ ਫੰਡ ਜਾਰੀ ਕਰਨ ਅਤੇ ਮਾਈਸਰ ਖਾਨਾ ਮੰਦਰ ਵਿੱਚ ਨਵੀਂ ਵੋਟ ਬਣਾਕੇ ਚੋਣ ਕਰਵਾਉਣ ਦੀ ਮੰਗ ਕੀਤੀ।










