
ਮਲੋਟ/ ਸ੍ਰੀ ਮੁਕਤਸਰ ਸਾਹਿਬ, 07 ਜੂਨ (ਜਗਦੀਪ ਧਵਨ) : ਅਜੋਕੇ ਸਮੇਂ ’ਚ ਵਿੱਦਿਆ ਨੂੰ ਰੋਚਕ, ਸੌਖਾ ਤੇ ਸਮੇਂ ਦਾ ਹਾਣੀ ਬਣਾਉਣ ਲਈ ਸਮਰ ਕੈਂਪ ਦੀ ਬਹੁਤ ਮਹੱਤਤਾ ਹੈ। ਇਨ੍ਹਾਂ ਦਾ ਆਯੋਜਨ ਹਰ ਸਾਲ ਗਰਮੀ ਦੀਆਂ ਛੁੱਟੀਆਂ ਦੌਰਾਨ ਕੀਤਾ ਜਾਂਦਾ ਹੈ। ਕਦੇ-ਕਦੇ ਇਨ੍ਹਾਂ ਦੇ ਸਮੇਂ ਵਿਚ ਤਬਦੀਲੀ ਵੀ ਹੋ ਜਾਂਦੀ ਹੈ। ਭਾਵੇਂ ਕੁਝ ਵੀ ਹੋਵੇ, ਇਨ੍ਹਾਂ ਕੈਂਪਾਂ ਵਿਚ ਕਮਜ਼ੋਰ ਜਾਂ ਹਰ ਵਰਗ ਦੇ ਵਿਦਿਆਰਥੀਆਂ ਨੂੰ ਆਪਣਾ ਹੁਨਰ ਨਿਖਾਰਨ ਦਾ ਮੌਕਾ ਮਿਲਦਾ ਹੈ।
ਬੱਚੇ ਰਸਮੀ ਸਿੱਖਿਆ ਤੋਂ ਪਰ੍ਹੇ ਹੋ ਕੇ ਗ਼ੈਰ-ਰਸਮੀ ਸਿੱਖਿਆ, ਜਿਵੇਂ ਨੈਤਿਕਤਾ, ਮਿਲਵਰਤਨ, ਵੱਡਿਆਂ ਦਾ ਸਤਿਕਾਰ, ਸੋਸ਼ਲ ਮੀਡੀਆ ਦੀ ਸਹੀ ਵਰਤੋਂ, ਯੋਗਾ, ਗਿੱਧਾ, ਭੰਗੜਾ, ਡਾਂਸ, ਕੋਰਿਓਗ੍ਰਾਫੀ ਆਦਿ ਧਿਆਨ ਲਗਾਉਣ ਦੀਆਂ ਗਤੀਵਿਧੀਆਂ ਸਿੱਖਦੇ ਹਨ। ਸਮਰ ਕੈਂਪ ਦੀ ਸਭ ਤੋਂ ਅਹਿਮ ਤੇ ਮਹੱਤਵਪੂਰਨ ਗੱਲ ਇਹ ਹੈ ਕਿ ਵਿਦਿਆਰਥੀ ਕਿਤਾਬੀ ਗਿਆਨ ਤੋਂ ਪਾਸੇ ਹੋ ਕੇ ਸਕਿੱਲ ਵਰਕ ਨਾਲ ਸਬੰਧਿਤ ਕਿਰਿਆਵਾਂ ਵਿਚ ਭਾਗ ਲੈਂਦੇ ਹਨ। ਹੱਥੀਂ ਕੰਮ ਕਰ ਕੇ ਚਿਰ-ਸਥਾਈ ਗਿਆਨ ਪ੍ਰਾਪਤ ਕਰਦੇ ਹਨ।
ਇਹ ਸਮਾਂ ਉਨ੍ਹਾਂ ਦੀ ਪੜ੍ਹਾਈ ਤੋਂ ਵਿਹਲ ਦਾ ਸਮਾਂ ਹੁੰਦਾ ਹੈ ਅਤੇ ਉਹ ਜੋ ਚਾਹੁਣ, ਸਿੱਖ ਸਕਦੇ ਹਨ। ਸਮਰ ਕੈਂਪ ਦੌਰਾਨ ਬੱਚੇ ਅਨੇਕਾਂ ਗਤੀਵਿਧੀਆਂ ਵਿਚ ਭਾਗ ਲੈ ਸਕਦੇ ਹਨ। ਸਕੂਲ ਅਧਿਆਪਕ ਬੱਚਿਆਂ ਦੀ ਰੁਚੀ ਅਨੁਸਾਰ ਉਨ੍ਹਾਂ ਦੀ ਸਹਾਇਤਾ ਕਰ ਸਕਦੇ ਹਨ। ਵੱਖ-ਵੱਖ ਈਵੈਂਟਾਂ ’ਚ ਭਾਗ ਲੈਣ ਵਾਲੇ ਬੱਚਿਆਂ ਦੇ ਗਰੱੁਪ ਬਣਾਏ ਜਾ ਸਕਦੇ ਹਨ। ਇਹ ਕਾਰਜ ਉਨ੍ਹਾਂ ਦੀ ਰੁਚੀ ’ਤੇ ਨਿਰਭਰ ਕਰਦਾ ਹੈ ਕਿ ਕਿਹੜਾ ਬੱਚਾ ਕਿਸ ਗਤੀਵਿਧੀ ਲਈ ਠੀਕ ਬੈਠਦਾ ਹੈ। ਗਰੁੱਪ ਦੀ ਚੋਣ ਉਪਰੰਤ ਕਾਰਜ ਨਿਰਵਿਘਨਤਾ ਸਹਿਤ ਸ਼ੁਰੂ ਹੋ ਜਾਂਦਾ ਹੈ।









