उत्तर प्रदेशताज़ा खबर

Breakup ਤੋਂ ਨਾਰਾਜ਼ ਨੌਜਵਾਨ ਨੇ ਮਹਿਲਾ ਅਧਿਆਪਕਾ ਦਾ ਕੀਤਾ ਕਤਲ, ਫਿਰ ਖੁਦ ਨੂੰ ਮਾਰੀ ਗੋਲੀ

ਲਖੀਮਪੁਰ ਖੀਰੀ/ਉੱਤਰ ਪ੍ਰਦੇਸ਼, 22 ਸਤੰਬਰ (ਬਿਊਰੋ) : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਤੋਂ ਇਕ ਬਹੁਤ ਹੀ ਦਿਲ-ਕੰਬਾਊ ਅਤੇ ਦਹਿਸ਼ਤਜ਼ਦਾ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਕਲੈਕਟਰੇਟ ਦੇ ਨੇੜੇ ਸਥਿਤ ਚਿਲਡ੍ਰਨਜ਼ ਅਕੈਡਮੀ ਸਕੂਲ ਵਿੱਚ ਸੋਮਵਾਰ ਸਵੇਰੇ 11:10 ਵਜੇ ਦੇ ਲਗਭਗ ਇੱਕ ਨੌਜਵਾਨ ਨੇ ਦਾਖਲ ਹੋ ਕੇ ਸਕੂਲ ਦੀ ਮਹਿਲਾ ਅਧਿਆਪਕਾ ਦੀ ਗੋਲੀ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਅਧਿਆਪਕਾ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਨੌਜਵਾਨ ਨੇ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।

ਸਕੂਲ ਵਿੱਚ ਇੱਕ ਤੋਂ ਬਾਅਦ ਇੱਕ ਚਾਰ ਗੋਲੀਆਂ ਚੱਲਣ ਕਾਰਨ ਪੂਰੇ ਇਲਾਕੇ ਅਤੇ ਸਕੂਲ ਵਿੱਚ ਭਾਜੜਾਂ ਪੈ ਗਈਆਂ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਸਮੇਂ ਮੌਜੂਦ ਸਕੂਲ ਸਟਾਫ਼ ਨੇ ਤੁਰੰਤ ਸਮਝਦਾਰੀ ਦਿਖਾਉਂਦੇ ਹੋਏ ਸਕੂਲ ਦੇ 400 ਤੋਂ ਵੱਧ ਬੱਚਿਆਂ ਨੂੰ ਕਮਰਿਆਂ ਵਿੱਚ ਬੰਦ ਕਰਕੇ ਸੁਰੱਖਿਅਤ ਕੀਤਾ।

ਪੁਲਿਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਅਤੇ ਮਹਿਲਾ ਅਧਿਆਪਕਾ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਮੁਹੱਲਾ ਨੌਰੰਗਾਬਾਦ ਦੇ ਰਹਿਣ ਵਾਲੇ ਮੁਹੰਮਦ ਸਊਦ ਅੰਸਾਰੀ (28) ਵਜੋਂ ਹੋਈ ਹੈ, ਜਦਕਿ ਮ੍ਰਿਤਕ ਅਧਿਆਪਕਾ ਦੀ ਪਛਾਣ ਮੁਹੱਲਾ ਹਿਦਾਇਤ ਨਗਰ ਦੀ ਰਹਿਣ ਵਾਲੀ ਨਿਸ਼ਾਤ ਫਾਤਿਮਾ (26) ਵਜੋਂ ਹੋਈ ਹੈ। ਕੁਝ ਦਿਨਾਂ ਤੋਂ ਅਧਿਆਪਕਾ ਨਿਸ਼ਾਤ ਫਾਤਿਮਾ ਇਸ ਰਿਸ਼ਤੇ ਨੂੰ ਖਤਮ ਕਰਨਾ (ਬ੍ਰੇਕਅੱਪ) ਚਾਹੁੰਦੀ ਸੀ ਅਤੇ ਉਸ ਨੇ ਸਊਦ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਸਊਦ ਨੇ ਇਹ ਖੌਫਨਾਕ ਕਦਮ ਚੁੱਕ ਲਿਆ।

ਸੋਮਵਾਰ ਨੂੰ ਸਕੂਲ ਵਿੱਚ ਆਮ ਦਿਨਾਂ ਵਾਂਗ ਪੜ੍ਹਾਈ ਚੱਲ ਰਹੀ ਸੀ। ਇਸੇ ਦੌਰਾਨ ਸਊਦ ਅੰਸਾਰੀ ਅਧਿਆਪਕਾ ਨਿਸ਼ਾਤ ਨੂੰ ਮਿਲਣ ਦਾ ਬਹਾਨਾ ਬਣਾ ਕੇ ਸਕੂਲ ਵਿੱਚ ਦਾਖਲ ਹੋਇਆ। ਦੋਵਾਂ ਨੇ ਕੁਝ ਸਮਾਂ ਗੱਲਬਾਤ ਕੀਤੀ ਅਤੇ ਫਿਰ ਪਹਿਲੀ ਮੰਜਿਲ ‘ਤੇ ਸੀਨੀਅਰ ਕੇ.ਜੀ. ਜਮਾਤ ਦੇ ਬਾਹਰ ਕਾਰੀਡੋਰ ਵਿੱਚ ਪਹੁੰਚ ਗਏ। ਉੱਥੇ ਗੱਲਬਾਤ ਕਰਦਿਆਂ ਅਚਾਨਕ ਤਕਰਾਰ ਵਧ ਗਈ ਅਤੇ ਸਊਦ ਨੇ ਆਪਣੇ ਕੋਲ ਰੱਖੇ 315 ਬੋਰ ਦੇ ਦੇਸੀ ਪਿਸਟਲ ਨਾਲ ਨਿਸ਼ਾਤ ‘ਤੇ ਗੋਲੀ ਚਲਾ ਦਿੱਤੀ। ਜਦੋਂ ਅਧਿਆਪਕਾ ਆਪਣੀ ਜਾਨ ਬਚਾਉਣ ਲਈ ਭੱਜੀ ਤਾਂ ਸਊਦ ਨੇ ਉਸ ‘ਤੇ ਦੋ ਹੋਰ ਗੋਲੀਆਂ ਚਲਾ ਦਿੱਤੀਆਂ।

ਇਸ ਤੋਂ ਤੁਰੰਤ ਬਾਅਦ ਉਸ ਨੇ ਆਪਣੇ ਸਿਰ ‘ਚ ਗੋਲੀ ਮਾਰ ਲਈ, ਜੋ ਆਰ-ਪਾਰ ਹੋ ਗਈ। ਦੋਵਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਊਦ ਅੰਸਾਰੀ ਅਧਿਆਪਕਾ ਦੀ ਨਾਰਾਜ਼ਗੀ ਕਾਰਨ ਕਾਫ਼ੀ ਤਣਾਅ ਵਿੱਚ ਸੀ। ਘਟਨਾ ਤੋਂ ਪਹਿਲਾਂ ਉਸ ਨੇ ਇੰਸਟਾਗ੍ਰਾਮ ‘ਤੇ ਇੱਕ ਸਟੇਟਸ ਲਗਾਇਆ ਸੀ, ਜਿਸ ਵਿੱਚ ਲਿਖਿਆ ਸੀ- “ਮੇਰੇ ਨਸੀਬ ਦੀਆਂ ਬਾਰਿਸ਼ਾਂ ਕਿਸੇ ਹੋਰ ਦੀ ਛੱਤ ‘ਤੇ ਵਰ੍ਹ ਗਈਆਂ…” ਅਤੇ ਨਾਲ ਹੀ ਲਿਖਿਆ ਸੀ ਕਿ “ਮੇਰੇ ਮਰਨ ਤੋਂ ਬਾਅਦ ਕੋਈ ਮੇਰੀ ਫੋਟੋ ਨਾ ਲਗਾਵੇ।”

ਦੱਸਿਆ ਜਾ ਰਹਾ ਹੈ ਕਿ ਕਈ ਸਾਲ ਪਹਿਲਾਂ ਨਿਸ਼ਾਤ ਦਾ ਪਰਿਵਾਰ ਸਊਦ ਦੇ ਘਰ ਕਿਰਾਏ ‘ਤੇ ਰਹਿੰਦਾ ਸੀ, ਜਿਸ ਦੌਰਾਨ ਦੋਵਾਂ ਵਿਚਕਾਰ ਨੇੜਤਾ ਵਧੀ ਸੀ। ਕੁਝ ਦਿਨ ਪਹਿਲਾਂ ਜਦੋਂ ਸਊਦ ਨੇ ਨਿਸ਼ਾਤ ਨੂੰ ਧਮਕੀ ਦਿੱਤੀ ਸੀ, ਤਾਂ ਨਿਸ਼ਾਤ ਨੇ ਆਪਣੀ ਮਾਂ ਨੂੰ ਦੱਸਿਆ ਸੀ, ਪਰ ਪਰਿਵਾਰਕ ਸਾਂਝ ਹੋਣ ਕਾਰਨ ਪੁਲਿਸ ਸ਼ਿਕਾਇਤ ਦੀ ਬਜਾਏ ਸਊਦ ਦੇ ਪਿਤਾ ਨੂੰ ਸਮਝਾਉਣ ਲਈ ਕਿਹਾ ਗਿਆ ਸੀ। ਘਟਨਾ ਦੀ ਇਤਲਾਹ ਮਿਲਦੇ ਹੀ ਡਿਸਟ੍ਰਿਕਟ ਮੈਜਿਸਟ੍ਰੇਟ (DM) ਅੰਜਨੀ ਕੁਮਾਰ ਸਿੰਘ ਅਤੇ ਸੀਨੀਅਰ ਪੁਲਿਸ ਕਪਤਾਨ (SP) ਡਾ. ਖਿਆਤੀ ਗਰਗ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ।

ਪੁਲਿਸ ਨੂੰ ਮੌਕੇ ਤੋਂ ਖੋਲ ਬਰਾਮਦ ਹੋਏ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਪੂਰੀ ਤਿਆਰੀ ਨਾਲ ਆਇਆ ਸੀ। ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮ੍ਰਿਤਕ ਸਊਦ ਅੰਸਾਰੀ, ਉਸ ਦੇ ਪਿਤਾ ਕਯੂਮ ਅੰਸਾਰੀ ਅਤੇ ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਸਕੂਲ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਅਤੇ ਦੋਵਾਂ ਦੇ ਮੋਬਾਈਲ ਫੋਨਾਂ ਦੀ ਕਾਲ ਡਿਟੇਲ ਖੰਘਾਲ ਰਹੀ ਹੈ ਤਾਂ ਜੋ ਘਟਨਾ ਦੀ ਤਹਿ ਤੱਕ ਪਹੁੰਚਿਆ ਜਾ ਸਕੇ।

Show More

Related Articles

Leave a Reply

Your email address will not be published. Required fields are marked *

Back to top button