दुख्द समाचारताज़ा खबरपंजाब

‘ਨਵਾਂ ਜ਼ਮਾਨਾ’ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਕਾਮਰੇਡ ਚੰਦ ਫਤਿਹਪੁਰੀ ਦਾ ਦੇਹਾਂਤ

ਜਲੰਧਰ, 21 ਸਤੰਬਰ (ਕਬੀਰ ਸੌਂਧੀ) : ‘ਨਵਾਂ ਜ਼ਮਾਨਾ’ ਦੇ ਸੰਪਾਦਕ, ਉੱਘੇ ਪੱਤਰਕਾਰ, ਲੇਖਕ ਅਤੇ ਪ੍ਰਬੁੱਧ ਚਿੰਤਕ ਚੰਦ ਫਤਿਹਪੁਰੀ ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਨਾਮੁਰਾਦ ਬਿਮਾਰੀ ਕੈਂਸਰ ਨਾਲ ਨਿਰੰਤਰ ਜੂਝ ਰਹੇ ਸਨ। ਉਨ੍ਹਾਂ ਐਤਵਾਰ ਰਾਤ ਲਗਭਗ 8 ਵਜੇ ਜਲੰਧਰ ਦੇ ਇੱਕ ਨਿੱਜੀ ਆਰੋਗਿਆ ਕੇਂਦਰ (ਹਸਪਤਾਲ) ਵਿਖੇ ਅੰਤਿਮ ਸਾਹ ਲਏ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਫੈਲਦਿਆਂ ਹੀ ਸਾਹਿਤਕ, ਸੱਭਿਆਚਾਰਕ ਅਤੇ ਰਾਜਨੀਤਕ ਜਗਤ ਵਿੱਚ ਸ਼ੋਕ ਦੀ ਲਹਿਰ ਦੌੜ ਗਈ।

ਚੰਦ ਫਤਿਹਪੁਰੀ ਪੰਜਾਬ ਦੀ ਖੱਬੇ-ਪੱਖੀ ਵਿਚਾਰਧਾਰਾ ਦੇ ਇੱਕ ਦਿੱਗਜ ਤੇ ਇਨਕਲਾਬੀ ਨੇਤਾ ਸਨ। ਉਹ ਲੰਮੇ ਅਰਸੇ ਤੋਂ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨਾਲ ਸਰਗਰਮ ਰੂਪ ਵਿੱਚ ਜੁੜੇ ਰਹੇ ਅਤੇ ਪੰਜਾਬ ਦੇ ਸਮਾਜਿਕ ਤੇ ਰਾਜਨੀਤਕ ਮੰਚਾਂ ’ਤੇ ਨਿਰੰਤਰ ਕਾਰਜਸ਼ੀਲ ਰਹੇ। ਆਪਣੇ ਰਾਜਨੀਤਕ ਜੀਵਨ ਦੌਰਾਨ ਉਨ੍ਹਾਂ 1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਹਕੋਟ ਹਲਕੇ ਤੋਂ ਸੀਪੀਆਈ ਦੇ ਉਮੀਦਵਾਰ ਵਜੋਂ ਚੋਣ ਵੀ ਲੜੀ ਸੀ।

ਇੱਕ ਨਿਰਭੈਅ ਪੱਤਰਕਾਰ ਅਤੇ ਲੇਖਕ ਵਜੋਂ ਉਨ੍ਹਾਂ ਦੀਆਂ ਲਿਖਤਾਂ ਹਮੇਸ਼ਾ ਲੋਕ-ਪੱਖੀ ਮੁੱਦਿਆਂ ‘ਤੇ ਕੇਂਦਰਿਤ ਰਹੀਆਂ। ਉਹ ਸਮਾਜਿਕ ਨਾਇਓਂ-ਅਨਾਇਓਂ, ਆਰਥਿਕ ਅਸਮਾਨਤਾ ਅਤੇ ਰਾਜਨੀਤਕ ਹਾਲਾਤ ‘ਤੇ ਨਿਯਮਤ ਰੂਪ ਵਿੱਚ ਕਲਮ ਚਲਾਉਂਦੇ ਸਨ। ਬੇਰੁਜ਼ਗਾਰੀ, ਗੁਰਬਤ, ਸਰਕਾਰੀ ਨੀਤੀਆਂ ਦੀਆਂ ਤਰੁੱਟੀਆਂ ਅਤੇ ਜਮਹੂਰੀ ਹੱਕਾਂ ਦੀ ਬਹਾਲੀ ਵਰਗੇ ਗੰਭੀਰ ਮੁੱਦੇ ਉਨ੍ਹਾਂ ਦੇ ਲੇਖਾਂ ਦਾ ਮੁੱਖ ਆਧਾਰ ਹੁੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਕਲਮ ਦੀ ਵਰਤੋਂ ਸਮਾਜ ਦੇ ਸ਼ੋਸ਼ਿਤ ਅਤੇ ਵਾਂਝੇ ਵਰਗ ਦੀ ਆਵਾਜ਼ ਬੁਲੰਦ ਕਰਨ ਲਈ ਹੋਣੀ ਚਾਹੀਦੀ ਹੈ।

ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ‘ਤੇ ਪੰਜਾਬ ਦੇ ਪ੍ਰਮੁੱਖ ਸਾਹਿਤਕਾਰਾਂ, ਚਿੰਤਕਾਂ ਅਤੇ ਬੁੱਧੀਜੀਵੀਆਂ ਨੇ ਡੂੰਘੇ ਦੁੱਖ ਅਤੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਹੈ। ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਡਾ. ਸਵਰਾਜਬੀਰ, ਸੁਰਜੀਤ ਜੱਜ, ਕੁਲਦੀਪ ਸਿੰਘ ਦੀਪ, ਬਲਦੇਵ ਸਿੰਘ ਮੋਗਾ ਅਤੇ ਕਿਰਪਾਲ ਕਜ਼ਾਕ ਸਮੇਤ ਕਈ ਨਾਮਵਰ ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ਨੇ ਉਨ੍ਹਾਂ ਨੂੰ ਸਰਧਾਂਜਲੀ ਭੇਟ ਕੀਤੀ। ਸਮੂਹ ਸ਼ਖ਼ਸੀਅਤਾਂ ਨੇ ਕਿਹਾ ਕਿ ਚੰਦ ਫਤਿਹਪੁਰੀ ਦਾ ਵਿਛੋੜਾ ਪੰਜਾਬੀ ਪੱਤਰਕਾਰੀ ਅਤੇ ਵਿਚਾਰਧਾਰਕ ਸੰਘਰਸ਼ ਲਈ ਇੱਕ ਅਪੂਰਨਯੋਗ ਘਾਟਾ ਹੈ, ਜਿਸ ਦੀ ਪੂਰਤੀ ਹੋਣੀ ਅਸੰਭਵ ਹੈ।

ਅਦਾਰਾ ਪੰਜਾਬ ਨੈੱਟਵਰਕ ਸਾਥੀ ਚੰਦ ਫਤਹਿਪੁਰੀ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਕਾਮਰੇਡ ਫਤਹਿਪੁਰੀ ਨੇ ਸਾਰੀ ਜ਼ਿੰਦਗੀ ਸੰਘਰਸ਼ ਦੇ ਲੇਖੇ ਲਈ ਅਤੇ ਆਪਣੇ ਵਿਚਾਰਾਂ ਦੇ ਨਾਲ ਸਮਾਜ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਕੇਂਦਰ ਜਾਂ ਫਿਰ ਸੂਬਾ ਸਰਕਾਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਖ਼ਿਲਾਫ਼ ਚੰਦ ਫਤਹਿਪੁਰੀ ਨੇ ਠੋਕ ਕੇ ਲਿਖਿਆ ਅਤੇ ਅਵਾਮ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ।

Show More

Related Articles

Leave a Reply

Your email address will not be published. Required fields are marked *

Back to top button