
ਜਲੰਧਰ, 25 ਅਗਸਤ (ਕਬੀਰ ਸੌਂਧੀ) : ਪੁਲਿਸ ਕਮਿਸ਼ਨਰੇਟ ਜਲੰਧਰ ਨੇ ਨਸ਼ਿਆਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸਪਾ ਸੈਂਟਰ ਦੀ ਆੜ ਵਿੱਚ ਕਥਿਤ ਤੌਰ ‘ਤੇ ਚੱਲ ਰਹੇ ਦੇਹ ਵਪਾਰ ਦੇ ਰੈਕੇਟ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਛਾਪੇਮਾਰੀ ਦੌਰਾਨ 2 ਲੜਕੀਆਂ ਨੂੰ ਰੈਸਕਿਊ ਕੀਤਾ ਗਿਆ।
ਪੁਲਿਸ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਇਹ ਕਾਰਵਾਈ ਪੁਲਿਸ ਕਮਿਸ਼ਨਰ ਜਲੰਧਰ ਸਤਿੰਦਰ ਸਿੰਘ, IPS ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ADCP ਸਿਟੀ-2 ਮਾਧਵੀ ਸ਼ਰਮਾ, PPS ਅਤੇ ACP ਮਾਡਲ ਟਾਊਨ ਮਨਮੋਹਨ ਸਿੰਘ, PPS ਦੀ ਨਿਗਰਾਨੀ ਹੇਠ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਵੱਲੋਂ ਕੀਤੀ ਗਈ।
ਪੁਲਿਸ ਅਨੁਸਾਰ ਥਾਣਾ ਡਿਵੀਜ਼ਨ ਨੰਬਰ 7 ਦੇ SHO ਇੰਸਪੈਕਟਰ ਰਵਿੰਦਰ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ A ONE SPA AND SALOON, ਛੋਟੀ ਬਾਰਾਦਰੀ ਪਾਰਟ-2, ਗੋਲਡਨ ਐਵੇਨਿਊ ਮਾਰਕੀਟ, ਜਲੰਧਰ ਵਿੱਚ ਭਾਰਤ ਕੁਮਾਰ ਉਰਫ਼ ਸੈਮ ਕਥਿਤ ਤੌਰ ‘ਤੇ ਬਾਹਰੋਂ ਲੜਕੀਆਂ/ਔਰਤਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਲਿਆਉਂਦਾ ਅਤੇ ਸਪਾ-ਸੈਲੂਨ ਦੀ ਆੜ ਵਿੱਚ ਕਥਿਤ ਤੌਰ ‘ਤੇ ਦੇਹ ਵਪਾਰ ਕਰਵਾਉਂਦਾ ਸੀ। ਪੁਲਿਸ ਨੇ ਇਹ ਵੀ ਦੱਸਿਆ ਕਿ ਕੁਝ ਵਿਦੇਸ਼ੀ ਲੜਕੀਆਂ ਦੇ ਕਥਿਤ ਤੌਰ ‘ਤੇ ਸ਼ਾਮਲ ਹੋਣ ਦੀ ਜਾਣਕਾਰੀ ਸੀ ।
ਇਸ ਸੂਚਨਾ ਦੇ ਆਧਾਰ ‘ਤੇ ਥਾਣਾ ਡਿਵੀਜ਼ਨ ਨੰਬਰ 7 ਵਿੱਚ FIR ਨੰਬਰ 211 ਮਿਤੀ 24 ਅਗਸਤ 2026 & Immoral Traffic (Prevention) Act, 1956 ਦੀਆਂ ਧਾਰਾਵਾਂ 3, 4 ਅਤੇ 7 ਅਤੇ BNS ਦੀ ਧਾਰਾ 143 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਜਾਂਚ ਦੌਰਾਨ ਪੁਲਿਸ ਨੇ A ONE SPA AND SALOON ‘ਤੇ ਛਾਪੇਮਾਰੀ ਕੀਤੀ। ਪੁਲਿਸ ਦੇ ਮੁਤਾਬਕ ਛਾਪੇਮਾਰੀ ਸਮੇਂ ਸਪਾ ਸੈਂਟਰ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਹੋਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਅਤੇ 2 ਲੜਕੀਆਂ ਨੂੰ ਰੈਸਕਿਊ ਕੀਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ
1. ਰਿੱਕੀ ਪੁੱਤਰ ਹਰੀਚੰਦ, ਵਾਸੀ ਮੋਹੱਲਾ ਨੰਬਰ 09, ਬੱਸ ਸਟੈਂਡ ਨੇੜੇ, ਜ਼ਿਲ੍ਹਾ ਮਧੇਪੁਰਾ, ਬਿਹਾਰ; ਮੌਜੂਦਾ ਵਾਸੀ ਜਲੰਧਰ।
2. ਕਰਨ ਕੁਮਾਰ ਪੁੱਤਰ ਰਘੁਨੰਦਨ ਮਹਿਤਾ, ਵਾਸੀ ਹਸਨਪੁਰਾ, ਜ਼ਿਲ੍ਹਾ ਮਧੇਪੁਰਾ, ਬਿਹਾਰ; ਮੌਜੂਦਾ ਵਾਸੀ ਛੋਟੀ ਬਾਰਾਦਰੀ ਪਾਰਟ-1, ਜਲੰਧਰ।
3. ਰਾਹੁਲ ਪੁੱਤਰ ਰਾਮ ਸਨੇਹੀ, ਵਾਸੀ ਫੱਗੂ ਮੋਹੱਲਾ, ਗੜ੍ਹਾ ਚੌਕ, ਜਲੰਧਰ।
4. ਅਰੁਣ ਕਾਲੀਆ ਪੁੱਤਰ ਰਮਾਨੰਦ ਕਾਲੀਆ, ਵਾਸੀ ਲਾਜਪਤ ਨਗਰ, ਜਲੰਧਰ।
ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਸ ਕਾਰਵਾਈ ਦੌਰਾਨ 2 ਲੜਕੀਆਂ ਰੈਸਕਿਊ ਕੀਤੀਆਂ ਗਈਆਂ ਹਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।










