
ਬਾਬਾ ਬਕਾਲਾ 29 ਸਤੰਬਰ (ਸੁਖਵਿੰਦਰ ਬਾਵਾ) : ਵਿਧਾਨਸਭਾ ਸੈਸ਼ਨ ਦੌਰਾਨ ਬੋਲਦਿਆਂ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸ. ਦਲਬੀਰ ਸਿੰਘ ਟੋਂਗ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਸਰਗਰਮ ਹਨ ਅਤੇ ਮਾਨ ਸਰਕਾਰ ਸਿਰਫ਼ ਐਲਾਨ ਨਹੀਂ ਕਰਦੀ, ਬਲਕਿ ਜ਼ਮੀਨੀ ਪੱਧਰ ‘ਤੇ ਕੰਮ ਕਰਕੇ ਦਿਖਾਉਂਦੀ ਹੈ। ਸ: ਟੌਂਗ ਨੇ ਕਿਹਾ ਕਿ ਹੜ੍ਹਾਂ ਦੌਰਾਨ ਵੀ ਸਾਡੀ ਸਰਕਾਰ ਵਲੋਂ ਲੋਕਾਂ ਵਿੱਚ ਪਹੁੰਚ ਕੇ ਉਨਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਅਤੇ ਮੁੜ ਵਸੇਬੇ ਲਈ ਕੰਮ ਸ਼ੁਰੂ ਕੀਤਾ ਹੈ। ਉਨਾਂ ਬੋਲਦਿਆਂ ਕਿਹਾ ਕਿ ਹਲਕੇ ਦੇ ਇੱਕ ਪਿੰਡ ਵਿੱਚ ਹੜ੍ਹਾਂ ਦੌਰਾਨ ਇੱਕ ਪਰਿਵਾਰ ਦੀ 12 ਸਾਲਾਂ ਬੱਚੀ ਦੀ ਦੁਖਦਾਈ ਮੌਤ ਹੋ ਗਈ ਸੀ, ਜਿਸਦੇ ਬਾਅਦ ਕੇਵਲ 4 ਦਿਨਾਂ ਦੇ ਅੰਦਰ-ਅੰਦਰ ਸਰਕਾਰ ਵੱਲੋਂ ਉਸ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਪਹੁੰਚਾ ਦਿੱਤੀ ਗਈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਜਿਨ੍ਹਾਂ ਲੋਕਾਂ ਦੇ ਹੜ੍ਹਾਂ ਦੌਰਾਨ ਨੁਕਸਾਨ ਹੋਏ ਸਨ , ਉਨਾਂ ਦੀ ਗਿਰਦਾਵਰੀ ਕਰਵਾ ਕੇ ਜਲਦੀ ਤੋਂ ਜਲਦੀ ਮੁਆਵਜ਼ਾ ਦੇ ਦਿੱਤਾ ਜਾਵੇਗਾ।
ਸ. ਟੋਂਗ ਨੇ ਕਿਹਾ ਕਿ ਇਹ ਮਾਨ ਸਰਕਾਰ ਦੀ ਹੜ੍ਹ ਪੀੜਤਾਂ ਪ੍ਰਤੀ ਵਚਨਬੱਧਤਾ ਦਾ ਸਾਫ਼ ਪ੍ਰਤੀਕ ਹੈ। ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ “ਪਿਛਲੀਆਂ ਸਰਕਾਰਾਂ ਤਾਂ ਪਸ਼ੂਆਂ ਦੇ ਮੁਆਵਜ਼ੇ ਦਾ ਵੀ ਨਾਮ ਨਹੀਂ ਲੈਂਦੀਆਂ ਸਨ, ਪਰ ਮਾਨ ਸਰਕਾਰ ਨੇ ਪਸ਼ੂਆਂ ਲਈ ਵੀ ਮੁਆਵਜ਼ਾ ਜਾਰੀ ਕਰਕੇ ਲੋਕਾਂ ਦੇ ਦੁੱਖ-ਦਰਦ ਨਾਲ ਜੁੜਨ ਦੀ ਮਿਸਾਲ ਪੇਸ਼ ਕੀਤੀ ਹੈ।”
ਸ. ਟੋਂਗ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਕੀਤੀ ਹੈ ਕਿ ਘਰਾਂ ਦੇ ਨੁਕਸਾਨ ਲਈ ਮੁਆਵਜ਼ੇ ਦੀ ਰਕਮ ਵਿੱਚ ਵਾਧਾ ਕੀਤਾ ਜਾਵੇ, ਤਾਂ ਜੋ ਜਿਨ੍ਹਾਂ ਗਰੀਬ ਪਰਿਵਾਰਾਂ ਦੇ ਛੱਤ ਢਹਿ ਗਏ ਜਾਂ ਘਰ ਬਰਬਾਦ ਹੋ ਗਏ ਹਨ, ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ।