
ਬਾਬਾ ਬਕਾਲਾ ਸਾਹਿਬ 25 ਸਤੰਬਰ (ਸੁਖਵਿੰਦਰ ਬਾਵਾ) : ਅੱਜ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸ੍ਰ ਦਲਬੀਰ ਸਿੰਘ ਟੌਂਗ ਵੱਲੋਂ ਰਈਆ ਰੈਸਟ ਹਾਊਸ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਇਕ ਵਿਸ਼ਸ਼ ਕੈਂਪ ਲਗਾਇਆ ਗਿਆ। ਵਿਧਾਇਕ ਟੌਂਗ ਨੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਉਪਰੰਤ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਕਰਨ ਅਤੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਲੋਕਾਂ ਨੂੰ ਆਪਣੇ ਕੰਮਾਂ ਲਈ ਵਾਰ ਵਾਰ ਸਰਕਾਰੀ ਦਫਤਰਾਂ ਦੇ ਚੱਕਰ ਨਾ ਮਾਰਨੇ ਪੈਣ। ਇਸ ਉਪਰੰਤ ਵਿਧਾਇਕ ਦਲਬੀਰ ਸਿੰਘ ਟੌਂਗ ਵੱਲੋਂ ਹਲਕੇ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਾਉਣ ਲਈ ਤਹਿਸੀਲਦਾਰ, ਕਾਨੂੰਨਗੋ, ਪਟਵਾਰੀ, ਬਿਜਲੀ ਵਿਭਾਗ ਦੇ ਐਸਡੀਓ ਤੇ ਜੇਈ, ਈਓ ਨਗਰ ਪੰਚਾਇਤ, ਬੀਡੀਓ, ਡੀਐਸਪੀ, ਐਸ ਐਚ ਓ, ਚੌਂਕੀ ਇੰਚਾਰਜ, ਸਰਪੰਚਾਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰ ਜ਼ਰੂਰੀ ਨਿਰਦੇਸ਼ ਦਿੱਤੇ । ਇਸ ਮੌਕੇ ਉਹਨਾਂ ਨੇ ਹਲਕੇ ਵਿੱਚ ਚੱਲ ਰਹੇ ਸਾਰੇ ਸੰਬੰਧਤ ਮਹਿਕਮਿਆਂ ਦੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ।
ਵਿਧਾਇਕ ਟੌਂਗ ਨੇ ਦੱਸਿਆ ਕਿ ਮੀਟਿੰਗ ਦੌਰਾਨ ਖ਼ਾਸ ਕਰਕੇ ਸੜਕਾਂ, ਕਾਨੂੰਨ ਵਿਵਸਥਾ ਅਤੇ ਬਿਜਲੀ ਦੇ ਕੰਮਾਂ ਨਾਲ ਸੰਬੰਧਿਤ ਸਮੱਸਿਆਵਾਂ ’ਤੇ ਗਹਿਰਾਈ ਨਾਲ ਚਰਚਾ ਕੀਤੀ ਗਈ। ਕਈ ਪਿੰਡਾਂ ਵਿੱਚ ਨਾਗਰਿਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਕਿ ਸਾਰੇ ਕੰਮ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ। ਸਾਰੇ ਅਧਿਕਾਰੀਆਂ ਨੇ ਵਿਧਾਇਕ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਛੱਡੇਗਾ ਅਤੇ ਜਿੱਥੇ ਵੀ ਲੋੜ ਹੋਵੇਗੀ, ਤੁਰੰਤ ਕਾਰਵਾਈ ਕੀਤੀ ਜਾਵੇਗੀ। ਟੌਂਗ ਨੇ ਕਿਹਾ ਕਿ ਆਪ ਸਰਕਾਰ ਦਾ ਮੁੱਖ ਉਦੇਸ਼ ਸ਼ਹਿਰ ਵਾਸੀਆਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨਾ ਹੈ। ਇਸ ਲਈ ਹਰ ਪਿੰਡ ਵਿੱਚ ਇੱਕੋ ਜਿਹੀ ਤਰਜੀਹ ਦਿੱਤੀ ਜਾਵੇਗੀ, ਤਾਂ ਜੋ ਵਿਕਾਸ ਕਾਰਜਾਂ ਵਿੱਚ ਸੰਤੁਲਨ ਬਣਿਆ ਰਹੇ। ਟੌਂਗ ਨੇ ਸਰਪੰਚਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੱਸਿਆਵਾਂ ਨੂੰ ਸਿੱਧੇ ਸਾਡੇ ਦਫਤਰ ਦੇ ਧਿਆਨ ਵਿੱਚ ਲਿਆਉਣ, ਤਾਂ ਜੋ ਉਹਨਾਂ ਦਾ ਹੱਲ ਜਲਦ ਤੋਂ ਜਲਦ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ ਅਤੇ ਹਰ ਹੀਲੇ ਕੰਮ ਵਿੱਚ ਕੰਮ ਕਰਵਾਏ ਜਾਣਗੇ ।