ਬਜ਼ੁਰਗਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ ਲਈ ਹੜ ਪ੍ਰਭਾਵਿਤ ਇਲਾਕੇ ਵਿੱਚ ਜੰਗੀ ਪੱਧਰ ਉੱਤੇ ਕੰਮ ਸ਼ੁਰੂ
ਬਜ਼ੁਰਗਾਂ ਦੀਆਂ ਲੋੜਾਂ ਦੀ ਪੂਰਤੀ ਅਤੇ ਬੱਚਿਆਂ ਦੀ ਪੌਸ਼ਟਿਕ ਆਹਾਰ ਘਰ ਘਰ ਪਹੁੰਚਾਉਣ ਲਈ ਟੀਮਾਂ ਤੈਨਾਤ

ਅੰਮ੍ਰਿਤਸਰ 7 ਸਤੰਬਰ ( ਸਾਹਿਲ ਗੁਪਤਾ/ ਕੰਵਲਜੀਤ ਸਿੰਘ ਲਾਡੀ) : ਰਾਵੀ ਦਰਿਆ ਦੇ ਹੜ ਪ੍ਰਭਾਵਿਤ ਇਲਾਕੇ ਵਿੱਚ ਰਾਹਤ ਦੇ ਕਾਰਜਾਂ ਵਿੱਚ ਵਿਸ਼ੇਸ਼ ਤੌਰ ਤੇ ਬਜ਼ੁਰਗਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ ਲਈ ਕੰਮ ਅੱਜ ਤੋਂ ਸ਼ੁਰੂ ਕੀਤਾ ਗਿਆ ਹੈ । ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ ਨੂੰ ਇਸ ਜਿੰਮੇਵਾਰੀ ਲਈ ਨੋਡਲ ਅਧਿਕਾਰੀ ਬਣਾਇਆ ਗਿਆ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅਜਨਾਲਾ ਬੇਸ ਕੈਂਪ ਵਿਖੇ ਸੀ ਡੀ ਪੀ ਓ ਅਤੇ ਸੋਸ਼ਲ ਸਿਕਿਉਰਟੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਦੱਸਿਆ ਕਿ ਹੜਾਂ ਨਾਲ ਜਿਹੜੇ ਪਿੰਡ ਅਤੇ ਕਸਬੇ ਪ੍ਰਭਾਵਿਤ ਹੋਏ ਹਨ, ਉਹਨਾਂ ਵਿੱਚ ਚੱਲਣ ਵਾਲੇ ਆਂਗਣਵਾੜੀ ਸੈਂਟਰ ਵੀ ਬੰਦ ਹੋ ਗਏ ਹਨ, ਜਿਸ ਕਾਰਨ ਛੋਟੇ ਬੱਚਿਆਂ ਦੀ ਪੋਸ਼ਟਿਕ ਖੁਰਾਕ ਉਹਨਾਂ ਤੱਕ ਨਹੀਂ ਪੁੱਜ ਰਹੀ। ਉਹਨਾਂ ਨੇ ਕਿਹਾ ਕਿ ਹੁਣ ਅਸੀਂ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਇਸ ਪ੍ਰਭਾਵਿਤ ਇਲਾਕੇ ਦੇ ਕਰੀਬ 11 ਹਜ਼ਾਰ ਬੱਚਿਆਂ, ਜੋ ਕਿ ਆਂਗਣਵਾੜੀ ਸੈਂਟਰਾਂ ਵਿੱਚ ਆਉਂਦੇ ਸਨ, ਨੂੰ ਇੱਕ ਇੱਕ ਮਹੀਨੇ ਦੀ ਖੁਰਾਕ ਉਹਨਾਂ ਦੇ ਘਰਾਂ ਤੱਕ ਪਹੁੰਚਣੀ ਸ਼ੁਰੂ ਕਰ ਦਿੱਤੀ ਹੈ।
ਅਜਨਾਲਾ ਬੇਸ ਕੈਂਪ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ।
ਇਸੇ ਤਰ੍ਹਾਂ ਬੁਢਾਪਾ ਪੈਨਸ਼ਨ ਲੈ ਰਹੇ ਇਸ ਇਲਾਕੇ ਦੇ ਕਰੀਬ 18 ਹਜ਼ਾਰ ਬਜ਼ੁਰਗਾਂ ਨਾਲ ਫੋਨ ਜ਼ਰੀਏ ਰਾਬਤਾ ਕਰਕੇ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ ਜਾ ਰਿਹਾ ਹੈ, ਇਸ ਤੋਂ ਇਲਾਵਾ ਉਹਨਾਂ ਦੀ ਲੋੜ ਬਾਰੇ ਪੁੱਛ ਕੇ ਜੋ ਵੀ ਉਹ ਮੰਗ ਰਹੇ ਹਨ, ਉਹ ਉਹਨਾਂ ਤੱਕ ਪੁੱਜਦੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਕੰਮ ਲਈ ਵਿਭਾਗ ਦੇ ਕਰਮਚਾਰੀਆਂ ਦੇ ਨਾਲ-ਨਾਲ ਕੁੱਝ ਅਧਿਆਪਕਾਂ ਅਤੇ ਐਨ ਸੀ ਸੀ ਦੇ ਬੱਚਿਆਂ ਦਾ ਸਾਥ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਰਅਸਲ ਕਈ ਘਰਾਂ ਵਿੱਚ ਬਜ਼ੁਰਗ ਇਕੱਲੇ ਹਨ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ ਕਿ ਹਰੇਕ ਬਜ਼ੁਰਗ ਨਾਲ ਉਸ ਦੇ ਫੋਨ ਜ਼ਰੀਏ ਜਾਂ ਉਸ ਦੇ ਸਰਪੰਚ ਰਾਹੀਂ ਰਾਬਤਾ ਕੀਤਾ ਜਾਵੇ। ਉਹਨਾਂ ਦੱਸਿਆ ਕਿ ਬਜ਼ੁਰਗਾਂ ਵੱਲੋਂ ਜ਼ਿਆਦਾਤਰ ਦਵਾਈਆਂ, ਐਨਕਾਂ ਅਤੇ ਸਹਾਰੇ ਲਈ ਫੜੀ ਜਾਣ ਵਾਲੀ ਖੂੰਡੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਅਸੀਂ ਆਪਣੇ ਕਰਮਚਾਰੀਆਂ ਅਤੇ ਵਲੰਟੀਅਰਾਂ ਰਾਹੀਂ ਇਸ ਸਮਗਰੀ ਉਹਨਾਂ ਤੱਕ ਭੇਜ ਰਹੇ ਹਾਂ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ, ਸ੍ਰੀਮਤੀ ਅਮਨਦੀਪ ਕੌਰ, ਸ੍ਰੀ ਖੁਸ਼ਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।