
ਅੰਮ੍ਰਿਤਸਰ, 20 ਜੂਨ (ਸਾਹਿਲ ਗੁਪਤਾ) : ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅੰਮ੍ਰਿਤਸਰ ਦੀ ਮਾਨਾਂਵਾਲਾ ਸਥਿਤ ਨਵੀਂ ਬਣ ਚੁੱਕੀ ਇਮਾਰਤ ਤੱਕ ਸਟਾਫ ਅਤੇ ਬੱਚਿਆਂ ਦੀ ਪਹੁੰਚ ਆਸਾਨ ਕਰਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਅੰਮ੍ਰਿਤਸਰ ਮੈਟਰੋ ਬਸ ਸਰਵਿਸ ਦਾ ਰੂਟ ਗੋਲਡਨ ਗੇਟ ਤੋਂ ਅੱਗੇ ਵਧਾਉਣ ਦੀ ਹਦਾਇਤ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਸੰਸਥਾ ਦੇ ਪ੍ਰਬੰਧਕਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਨਿਕਟ ਭਵਿੱਖ ਵਿੱਚ ਇਸ ਸੰਸਥਾ ਲਈ ਅੰਮ੍ਰਿਤਸਰ ਤੋਂ ਈ ਬੱਸਾਂ ਦੀ ਸਹੂਲਤ ਵੀ ਦੇ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜਨਰਲ ਮੈਨੇਜਰ ਰੋਡਵੇਜ਼ ਪਰਮਜੀਤ ਸਿੰਘ ਨੂੰ ਕਿਹਾ ਕਿ ਜਦ ਤੱਕ ਈ ਬੱਸਾਂ ਦੀ ਸਹੂਲਤ ਨਹੀਂ ਆਉਂਦੀ ਤਦ ਤੱਕ ਇਸ ਸੰਸਥਾ ਲਈ ਆਵਾਜਾਈ ਦੇ ਢੁਕਵੇਂ ਪ੍ਰਬੰਧ ਬਣਾਏ ਜਾਣ।
ਅੱਜ ਆਈ ਆਈ ਐਮ ਦੇ ਪ੍ਰਬੰਧਕਾਂ ਨਾਲ ਸੰਸਥਾ ਦੀ ਲੋੜਾਂ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਇਹ ਵੀ ਕਿਹਾ ਕਿ ਉਕਤ ਸੰਸਥਾ ਨੂੰ ਜਾਂਦੇ ਰਸਤੇ ਦੀ ਮੁਰੰਮਤ ਕੀਤੀ ਜਾਵੇ ਅਤੇ ਇਸ ਉੱਤੇ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਜਾਣ। ਉਹਨਾਂ ਕਿਹਾ ਕਿ ਦੇਸ਼ ਦੀ ਇਹ ਵਿਕਾਰੀ ਸੰਸਥਾ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵਿਦਿਆਰਥੀ ਪੜਨ ਲਈ ਆਉਂਦੇ ਹਨ ਅਤੇ ਇਸ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚੋਂ ਮਹਿਮਾਨ ਵੀ ਇਸ ਸੰਸਥਾ ਵਿੱਚ ਆਉਂਦੇ ਰਹਿੰਦੇ ਹਨ, ਸੋ ਉਹਨਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਸਾਰੇ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ। ਉਹਨਾਂ ਇਸ ਰਸਤੇ ਉੱਤੇ ਰੌਸ਼ਨੀ ਲਈ ਸਟਰੀਟ ਲਾਈਟਾਂ ਲਗਾਉਣ ਦੀ ਹਿਦਾਇਤ ਵੀ ਕੀਤੀ।
ਉਹਨਾਂ ਆਈਏਐਮ ਦੀਆਂ ਹਰੇਕ ਤਰ੍ਹਾਂ ਦੀਆਂ ਜ਼ਰੂਰਤਾਂ ਲਈ ਐਸਡੀਐਮ ਅੰਮ੍ਰਿਤਸਰ ਇੱਕ ਸ ਗੁਰਸਿਮਰਨਜੀਤ ਸਿੰਘ ਨੂੰ ਨੋਡਲ ਅਧਿਕਾਰੀ ਲਗਾਉਂਦਿਆਂ ਕਿਹਾ ਕਿ ਉਹ ਸੰਸਥਾ ਦੀਆਂ ਹਰੇਕ ਤਰ੍ਹਾਂ ਦੀਆਂ ਲੋੜਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੰਮੇਵਾਰ ਨਿਭਾਉਣਗੇ। ਉਹਨਾਂ ਕਿਹਾ ਕਿ ਐਸਡੀਐਮ ਗੁਰਸਿਮਰਨ ਸਾਰੇ ਵਿਭਾਗਾਂ ਦੇ ਨਾਲ ਤਾਲਮੇਲ ਕਰਕੇ ਸੰਸਥਾ ਦੀਆਂ ਜਰੂਰਤਾਂ ਲਈ ਕੰਮ ਕਰਨਗੇ। ਇਸ ਮੌਕੇ ਐਸਡੀਐਮ ਗੁਰਸਿਮਰਨਜੀਤ ਸਿੰਘ, ਡੀਡੀਪੀਓ ਸ੍ਰੀ ਸੰਦੀਪ ਮਲਹੋਤਰਾ, ਅਤੇ ਆਈਆਈਐਮ ਦੇ ਪ੍ਰਬੰਧਕ ਤੋ ਸ੍ਰੀਮਤੀ ਸ਼ਿਵਾਲੀ ਰਾਠੌਰ, ਸ੍ਰੀ ਭਰਤ ਸੈਣੀ, ਈਓ ਅੰਮ੍ਰਿਤਸਰ ਡਿਵੈਲਪਮੈਂਟ ਅਥੋਰਟੀ ਹਰਜਿੰਦਰ ਸਿੰਘ ਜੱਸਲ, ਡੀਐਸਪੀ ਹਰਭਜਨ ਸਿੰਘ ਵੀ ਹਾਜ਼ਰ ਸਨ।