
ਜਲੰਧਰ 28 ਸਤੰਬਰ (ਇੰਦਰਜੀਤ ਸਿੰਘ) : ਕਈ ਵਰ੍ਹਿਆਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਰਕਾਰ ਦੇ ਲਾਰਿਆਂ ਤੋਂ ਦੁਖੀ ਹੋ ਕੇ ਪੋਸਟਾਂ ਨੇ ਟਰੈਕ ਐਪ ਸਬੰਧੀ ਗਤੀਵਿਧੀ ਮੁਕੰਮਲ ਤੌਰ ‘ਤੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਜਲੰਧਰ ਸੀਟੂ ਦੇ ਜਿਲਾ ਪ੍ਰਧਾਨ ਨਿਰਲੇਪ ਕੌਰ ਤੇ ਜ਼ਿਲ੍ਹਾ ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰੀ ਨੇ ਦੱਸਿਆ ਕਿ ਆਪਣੀਆਂ ਮੰਗਾਂ ਦੀ ਖ਼ਾਤਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਕਈ ਸਾਲਾਂ ਤੋਂ ਲੰਮਾ ਸੰਘਰਸ਼ ਕਰ ਰਹੀਆਂ ਹਨ ਪ੍ਰੰਤੂ ਸਰਕਾਰਾਂ ਵੱਲੋਂ ਲਾਰਿਆਂ ਦੇ ਸਿਵਾਏ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ। ਉਹਨਾਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਆਂਗਣਵਾੜੀ ਵਰਕਰ ਤੇ ਹੈਲਪਰ ਨੂੰ ਗ੍ਰੈਚੂਟੀ ਦੇ ਘੇਰੇ ਵਿੱਚ ਲਿਆਉਣਾ, ਪੋਸ਼ਣ ਟਰੈਕ ਉੱਤੇ ਕੰਮ ਕਰਨ ਲਈ ਮੋਬਾਈਲ ਫੋਨ ਅਤੇ ਵਾਈਫਾਈ ਦਾ ਪ੍ਰਬੰਧ ਕਰਨਾ, ਪੰਜ ਮਹੀਨੇ ਦੇ ਮਾਣ ਭੱਤੇ ਨੂੰ ਤੁਰੰਤ ਲਾਗੂ ਕਰਨਾ, ਆਂਗਨਵਾੜੀ ਵਰਕਰਾਂ ਨੂੰ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਅਫ਼ਸਰਾਂ ਦੇ ਖਿਲਾਫ ਕਾਰਵਾਈ ਕਰਨਾ, ਨਵੀਆਂ ਹਦਾਇਤਾਂ ਵਿੱਚ ਤਰੁੱਟੀਆਂ ਦੀ ਗੱਲਬਾਤ ਰਾਹੀਂ ਸੋਧ ਕਰਨਾ ਅਤੇ CBE ਦੇ ਕੱਟੇ ਹੋਏ ਪੈਸੇ ਏਰੀਅਰ ਬਣਾ ਕੇ ਤੁਰੰਤ ਲਾਗੂ ਕਰਨ ਵਰਗੀਆਂ ਮੰਗਾਂ ਸਰਕਾਰ ਨੇ ਠੰਡੇ ਵਸਤੇ ਵਿੱਚ ਪਾ ਕੇ ਰੱਖੀਆਂ ਹੋਈਆਂ ਹਨ ਜਿਸ ਕਰਕੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਨਾਂ ‘ਚ ਸਰਕਾਰ ਪ੍ਰਤੀ ਡਾਹਢਾ ਰੋਸ ਹੈ।ਉਹਨਾਂ ਦੱਸਿਆ ਕਿ ਸਮੇਂ ਸਮੇਂ ‘ਤੇ ਸਰਕਾਰ ਨੂੰ
ਆਪਣੀਆਂ ਮੰਗਾਂ ਪ੍ਰਤੀ ਯੂਨੀਅਨ ਨੇ ਮੰਗ ਪੱਤਰ ਵੀ ਦਿੱਤੇ ਅਤੇ ਹੇਠਲੇ ਪੱਧਰ ‘ਤੇ ਸੰਘਰਸ਼ ਵੀ ਕੀਤਾ, ਪ੍ਰੰਤੂ ਹਰ ਵਾਰੀ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਯੂਨੀਅਨ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਯਤਨ ਕੀਤੇ ਗਏ। ਵਿੱਤ ਸਕੱਤਰ ਪਰਮਜੀਤ ਕੌਰ ਨੇ ਕਿਹਾ ਕਿ ਸੰਘਰਸ਼ ਨੂੰ ਤਾਰ ਪੀਡੋ ਕਰਨ ਦੀ ਨੀਤੀ ਅਤੇ ਮੰਗਾਂ ਪ੍ਰਤੀ ਲਾਰਿਆਂ ਦੀ ਨੀਤੀ ਸਰਕਾਰ ਨੂੰ ਮਹਿੰਗੀ ਪਵੇਗੀ ਕਿਉਂਕਿ ਹੁਣ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ 29 ਸਤੰਬਰ ਤੋਂ ਮੁਕੰਮਲ ਤੌਰ ‘ਤੇ ਹੜ੍ਹਤਾਲ ਕਰਨ ਅਤੇ ਪੋਸ਼ਣ ਟਰੈਕ ਪੂਰਨ ਤੌਰ ‘ਤੇ ਬੰਦ ਕਰਨ ਦਾ ਫੈਸਲਾ ਕੀਤਾ ਹੈ, ਉਹਨਾਂ ਦੱਸਿਆ ਕਿ ਇਸ ਦੌਰਾਨ ਪੋਸ਼ਣ ਟਰੈਕ ਸਬੰਧੀ ਕੋਈ ਵੀ ਗਤੀਵਿਧੀ ਨਹੀਂ ਕੀਤੀ ਜਾਵੇਗੀ ਅਤੇ ਹੁਣ ਯੂਨੀਅਨ ਵੱਲੋਂ ਵਰਕਰਾਂ ਤੇ ਹੈਲਪਰਾਂ ਦੀਆਂ ਹੱਕੀ ਮੰਗਾਂ ਮੰਨਣ ਸਬੰਧੀ ਸਰਕਾਰ ਨੂੰ ਮਜ਼ਬੂਰ ਕਰ ਦਿੱਤਾ ਜਾਵੇਗਾ।