
ਅੰਮ੍ਰਿਤਸਰ, 07 ਸਤੰਬਰ (ਸਾਹਿਲ ਗੁਪਤਾ/ ਕੰਵਲਜੀਤ ਸਿੰਘ ਲਾਡੀ) : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਹੜ ਪੀੜਤ ਇਲਾਕੇ ਵਿੱਚ ਪਾਣੀ ਖੜ ਜਾਣ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਅਤੇ ਖਤਰੇ ਦੇ ਮੱਦੇ ਨਜ਼ਰ ਵੱਡੀ ਪੱਧਰ ਉੱਤੇ ਮੈਡੀਕਲ ਕੈਂਪ ਲਗਾਉਣ ਦੀ ਹਦਾਇਤ ਕੀਤੀ ਗਈ ਹੈ, ਜਿਸ ਦੇ ਚਲਦੇ ਅੱਜ ਡਾਕਟਰਾਂ ਦੀਆਂ ਟੀਮਾਂ ਕਿਸ਼ਤੀਆਂ, ਟਰੈਕਟਰਾਂ ਅਤੇ ਹੋਰ ਸਾਧਨਾਂ ਨਾਲ ਰਾਹੀਂ ਉੱਥੋਂ ਤੱਕ ਪਹੁੰਚੀਆਂ ਜਿੱਥੇ ਲੋਕ ਰਹਿ ਰਹੇ ਸਨ। ਇਹਨਾਂ ਟੀਮਾਂ ਵਿੱਚ ਸਿਹਤ ਵਿਭਾਗ, ਗਾਇਕ ਜਸਬੀਰ ਜੱਸੀ , ਏਮਜ਼ ਅਤੇ ਗੈਰ ਸਰਕਾਰੀ ਜਥੇਬੰਦੀਆਂ ਨੇ ਵੱਡਾ ਸਹਿਯੋਗ ਦਿੱਤਾ ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਵੱਲੋਂ ਅਜਨਾਲਾ ਅਤੇ ਰਮਦਾਸ ਵਿੱਚ 22 ਸਥਾਨਾਂ ਉੱਤੇ ਅਤੇ ਗੈਰ ਸਰਕਾਰੀ ਜਥੇਬੰਦੀਆਂ ਵੱਲੋਂ ਛੇ ਸਥਾਨਾਂ ਉੱਤੇ ਮੈਡੀਕਲ ਕੈਂਪ ਲਗਾਏ ਗਏ। ਜਿਨਾਂ ਵਿੱਚ ਲਗਭਗ 6800 ਮਰੀਜ਼ ਪਹੁੰਚੇ ਅਤੇ ਉਨਾਂ ਦਾ ਟੈਸਟ ਕਰਕੇ ਦਵਾਈਆਂ ਦਿੱਤੀਆਂ ਗਈਆਂ ਅਤੇ ਇਲਾਜ ਕੀਤਾ ਗਿਆ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਦੇ ਪ੍ਰਸਿੱਧ ਗਾਇਕ ਜਸਬੀਰ ਜੱਸੀ ਵੱਲੋਂ ਆਪਣੇ ਯਤਨਾਂ ਨਾਲ 22 ਮਾਹਿਰ ਡਾਕਟਰ ਨੂੰ ਵਿਸ਼ੇਸ਼ ਸੱਦੇ ਉੱਤੇ ਹੜ ਰਾਹਤ ਖੇਤਰ ਲਈ ਬੁਲਾਇਆ ਗਿਆ, ਜੋ ਕਿ ਸਿਵਲ ਹਸਪਤਾਲ ਅਜਨਾਲਾ ਵਿੱਚ ਬੈਠ ਕੇ ਲੋਕਾਂ ਦਾ ਇਲਾਜ ਕਰਦੇ ਰਹੇ। ਉਹਨਾਂ ਕਿਹਾ ਕਿ ਏਮਜ਼ ਦੇ ਡਾਕਟਰਾਂ ਨੇ ਵੀ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਕੈਂਪ ਲਗਾਏ।
ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਕੁਦਰਤੀ ਆਫਤ ਨਾਲ ਜੋ ਨੁਕਸਾਨ ਹੋ ਗਿਆ, ਉਹ ਤਾਂ ਨਹੀਂ ਘੱਟ ਕੀਤਾ ਜਾ ਸਕਿਆ ਪਰ ਹੁਣ ਪਾਣੀ ਜਾਂ ਕਿਸੇ ਹੋਰ ਕਾਰਨ ਕੋਈ ਬਿਮਾਰੀ ਫੈਲਣ ਕਾਰਨ ਕੋਈ ਖਤਰਾ ਸਾਡੇ ਜ਼ਿਲ੍ਹਾ ਵਾਸੀਆਂ ਨੂੰ ਨਾ ਹੋਵੇ। ਇਸੇ ਦੌਰਾਨ ਉਹਨਾਂ ਨੇ ਦੱਸਿਆ ਕਿ ਕੱਲ ਤਲਵੰਡੀ ਰਾਏ ਦਾਦੂ ਵਿਖੇ ਇੱਕ ਅੱਠ ਸਾਲ ਦੇ ਬੱਚੇ, ਜਿਸਦਾ ਨਾਂ ਅਭਿਜੋਤ ਸਿੰਘ ਹੈ ਨੂੰ ਕਿਡਨੀ ਦੀ ਸਮੱਸਿਆ ਹੋਣ ਦਾ ਪਤਾ ਲੱਗਾ ਸੀ, ਜਿਸ ਨੂੰ ਸਿਹਤ ਵਿਭਾਗ ਨੇ ਉਥੋਂ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਬੱਚਾ ਵਰਡ ਵਿੱਚ ਦਾਖਲ ਕਰਵਾਇਆ ਹੈ। ਉਹਨਾਂ ਦੱਸਿਆ ਕਿ ਇਸ ਬੱਚੇ ਦਾ ਉੱਥੇ ਇਲਾਜ ਚੱਲ ਰਿਹਾ ਹੈ ਅਤੇ ਇਲਾਜ ਦਾ ਸਾਰਾ ਖਰਚਾ ਜਿੱਥੋਂ ਤੱਕ ਵੀ ਹੋ ਸਕੇਗਾ ਪੰਜਾਬ ਸਰਕਾਰ ਆਪਣੇ ਖਰਚੇ ਤੇ ਕਰੇਗੀ। ਉਹਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਾਡੇ ਹੜ ਰਾਹਤ ਕੈਂਪਾਂ ਵਿੱਚ 24 ਘੰਟੇ ਬੈਠੇ ਡਾਕਟਰਾਂ ਦੀਆਂ ਸੇਵਾਵਾਂ ਕਿਸੇ ਵੀ ਐਮਰਜੈਂਸੀ ਵਿੱਚ ਲੈ ਸਕਦੇ ਹਨ। ਖਾਸ ਤੌਰ ਤੇ ਜਦੋਂ ਕਿਸੇ ਨੂੰ ਸੱਪ ਲੜਿਆ ਹੋਵੇ ਤਾਂ ਉਹ ਉਥੇ ਪਹੁੰਚ ਕੇ ਉਸਦਾ ਟੀਕਾਕਰਨ ਕਰਵਾ ਸਕਦਾ ਹੈ।