
ਅੰਮ੍ਰਿਤਸਰ, 04 ਸਤੰਬਰ (ਕੰਵਲਜੀਤ ਸਿੰਘ ਲਾਡੀ) : ਅੰਮ੍ਰਿਤਸਰ ਹਲਕਾ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਨੇ ਲੋਕਾਂ ਨੂੰ ਹੜ ਪੀੜਤਾਂ ਦੀ ਮਦਦ ਲਈ “ਇਕ ਪਰਿਵਾਰ ਮੈਂ ਜੁੰਮੇਵਾਰ” ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਹਰ ਵਿਅਕਤੀ ਨੂੰ ਹੜ੍ਹ ਪੀੜਤ ਕਿਸੇ ਇਕ ਪਰਿਵਾਰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਜੇ ਅਸੀਂ ਸਭ ਮਿਲਕੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਵਾਂਗੇ ਤਾਂ ਬੇਘਰ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮੁੜ ਨਾਲ ਖੜ੍ਹਨ ਲਈ ਮਜ਼ਬੂਤ ਸਹਾਰਾ ਮਿਲੇਗਾ।
ਜੀਵਨਜੋਤ ਕੌਰ ਨੇ ਕਿਹਾ ਕਿ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ ਅਤੇ ਸਾਡਾ ਫਰਜ਼ ਹੈ ਕਿ ਇਸ ਮੁਸ਼ਕਲ ਵੇਲੇ ਹੜ੍ਹ ਪੀੜਤਾਂ ਦਾ ਸਾਥ ਦਈਏ। ਉਹਨਾਂ ਨੇ ਕਿਹਾ ਕਿ ਹੜ੍ਹ ਕਾਰਨ ਪੰਜਾਬ ਦੇ ਕਈ ਇਲਾਕਿਆਂ ਦਾ ਬੁਰਾ ਹਾਲ ਹੋਇਆ ਹੈ, ਲੋਕ ਆਪਣੇ ਘਰ-ਵਿਚੋਂ ਬੇਘਰ ਹੋਏ ਹਨ ਅਤੇ ਰੋਜ਼ਮਰਾ ਦੀਆਂ ਸਹੂਲਤਾਂ ਤੋਂ ਵੀ ਵਾਂਝੇ ਰਹਿ ਗਏ ਹਨ।
ਵਿਧਾਇਕਾ ਨੇ ਕਿਹਾ ਕਿ “ਇਕ ਪਰਿਵਾਰ ਮੈਂ ਜੁੰਮੇਵਾਰ” ਮੁਹਿੰਮ ਦਾ ਮਕਸਦ ਕੇਵਲ ਰਾਸ਼ਨ ਜਾਂ ਸਾਮਾਨ ਵੰਡਣਾ ਨਹੀਂ, ਸਗੋਂ ਪ੍ਰਭਾਵਿਤ ਪਰਿਵਾਰਾਂ ਨੂੰ ਮਾਨਸਿਕ, ਆਰਥਿਕ ਅਤੇ ਸਮਾਜਕ ਤੌਰ ‘ਤੇ ਸਹਾਰਾ ਦੇਣਾ ਹੈ। ਜੇਕਰ ਹਰ ਘਰ, ਹਰ ਇਲਾਕੇ ਤੋਂ ਇੱਕ ਪਰਿਵਾਰ ਕਿਸੇ ਹੜ੍ਹ ਪੀੜਤ ਪਰਿਵਾਰ ਦਾ ਹੱਥ ਫੜੇਗਾ ਤਾਂ ਇਹ ਵੱਡੀ ਤਾਕਤ ਬਣ ਕੇ ਸਾਹਮਣੇ ਆਵੇਗੀ।
ਜੀਵਨਜੋਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਹੜ੍ਹ ਪੀੜਤਾਂ ਦੀ ਮਦਦ ਲਈ ਲਗਾਤਾਰ ਯਤਨਸ਼ੀਲ ਹਨ, ਪਰ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕਦਾ ਹੈ। ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਡੇ ਪੱਧਰ ‘ਤੇ ਅੱਗੇ ਆ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਆਪਣਾ ਫਰਜ਼ ਨਿਭਾਉਣ।
ਅੰਤ ਵਿੱਚ ਜੀਵਨਜੋਤ ਕੌਰ ਨੇ ਕਿਹਾ ਕਿ ਆਓ ਅਸੀਂ ਸਾਰੇ ਇਕੱਠੇ ਹੋ ਕੇ “ਇਕ ਪਰਿਵਾਰ ਮੈਂ ਜੁੰਮੇਵਾਰ” ਮੁਹਿੰਮ ਨੂੰ ਸਫਲ ਬਣਾਈਏ, ਤਾਂ ਜੋ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਜ਼ਿੰਦਗੀ ਨੂੰ ਦੁਬਾਰਾ ਪੱਟੜੀ ‘ਤੇ ਲਿਆ ਸਕੀਏ। ਉਹਨਾਂ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਨੁੱਖਤਾ ਦੇ ਕਾਰਜ ਵਿੱਚ ਵੱਡੇ ਪੱਧਰ ‘ਤੇ ਸ਼ਮੂਲੀਅਤ ਕਰੋ ਅਤੇ ਆਪਣੇ ਯੋਗਦਾਨ ਨਾਲ ਇਤਿਹਾਸਕ ਉਦਾਹਰਨ ਕਾਇਮ ਕਰੋ।