
ਜੰਡਿਆਲਾ ਗੁਰੂ, 26 ਅਗਸਤ (ਕੰਵਲਜੀਤ ਸਿੰਘ ਲਾਡੀ) : ਭਾਜਪਾ ਹਮੇਸ਼ਾ ਸਿੱਖ ਭਾਈਚਾਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵੱਧਦੀ ਰਹੀ ਹੈ ਜਿਸਦੀ ਮਿਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਜਪਾ ਦੀ ਸਰਕਾਰ ਬਣਨ ਉਪਰੰਤ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਸਿੱਟ ਬਣਾਉਣਾ ਅਤੇ ਦੰਗਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣਾ ਹੈ। ਇਹ ਪ੍ਰਗਟਾਵਾ ਭਾਜਪਾ ਦੇ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਹਰਦੀਪ ਸਿੰਘ ਗਿੱਲ ਇੰਚਾਰਜ ਹਲਕਾ ਜੰਡਿਆਲਾ ਗੁਰੂ ਵੱਲੋਂ ਕੀਤਾ ਗਿਆ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੱਖ ਭਾਈਚਾਰੇ ਨਾਲ ਪਿਆਰ ਦਾ ਸਭ ਤੋਂ ਵੱਡਾ ਸਬੂਤ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਖੋਲ੍ਹਣਾ ਹੈ ਜਿਸਦੀ ਮੰਗ ਪਿਛਲੇ ਲੰਬੇ ਸਮੇਂ ਤੋਂ ਸਿੱਖ ਸੰਗਤ ਕਰਦੀ ਆ ਰਹੀ ਸੀ ਲੇਕਿਨ ਕੇਂਦਰ ਵਿੱਚ ਲੰਬਾ ਸਮਾਂ ਕਾਂਗਰਸ ਦੀ ਸਰਕਾਰ ਰਹਿਣ ਕਾਰਨ ਉਨ੍ਹਾਂ ਨੇ ਸਿੱਖਾਂ ਦੀ ਇਸ ਮੰਗ ਨੂੰ, ਕਦੇ ਵਿਚਾਰਿਆ ਤੱਕ ਨਹੀਂ।
ਹਰਦੀਪ ਸਿੰਘ ਗਿੱਲ ਨੇ ਅੱਗੇ ਕਿਹਾ ਕਿ ਇਸੇ ਤਰ੍ਹਾਂ ਕੁਝ ਸਮਾਂ ਪਹਿਲਾ ਦਿੱਲੀ ਵਿੱਚ ਬਣੀ ਭਾਜਪਾ ਦੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਸਿੱਖ ਆਗੂਆਂ ਨੂੰ ਸ਼ਾਮਿਲ ਕੀਤਾ ਗਿਆ ਤੇ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਦਿੱਲੀ ਦੰਗਿਆਂ ਦੇ ਪੀੜਤ ਪਰਿਵਾਰਾਂ ਨਾਲ ਜੁੜੇ ਲੋਕਾਂ ਨੂੰ ਨੌਕਰੀਆਂ ਦੇ ਕੇ ਉਨ੍ਹਾਂ ਦੇ ਜਖਮਾਂ ਉੱਪਰ ਮੱਲ੍ਹਮ ਲਗਾਈ ਗਈ। ਗਿੱਲ ਨੇ ਅੱਗੇ ਕਿਹਾ ਕਿ ਹਰਿਆਣੇ ਵਿੱਚ ਭਾਜਪਾ ਦੀ ਸਰਕਾਰ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੁਣ ਤੱਕ ਕਈ ਅਜਿਹੇ ਫੈਸਲੇ ਲਏ ਹਨ ਜਿਨ੍ਹਾਂ ਦਾ ਸਕਾਰਾਤਮਕ ਅਸਰ ਹਰਿਆਣੇ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ’ਤੇ ਪਿਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਵੀ ਦੰਗਿਆਂ ਦੇ 121 ਪੀੜਤ ਸਿੱਖ ਪਰਿਵਾਰਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਤੇ ਅਜਿਹੀਆਂ ਅਣਗਿਣਤ ਮਿਸਾਲਾਂ ਹਨ ਜਿੱਥੇ ਭਾਜਪਾ ਵੱਲੋਂ ਸਿੱਖ ਭਾਈਚਾਰੇ ਨੂੰ ਆਪਣੀ ਬੁੱਕਲ ਵਿੱਚ ਲਿਆ ਗਿਆ ਹੈ। ਹਰਦੀਪ ਗਿੱਲ ਨੇ ਕਿਹਾ ਕਿ ਇਸਦੇ ਉਲਟ ਕਾਂਗਰਸ ਵੱਲੋਂ ਹਮੇਸ਼ਾ ਸਿੱਖਾਂ ਦਾ ਨੁਕਸਾਨ ਕੀਤਾ ਗਿਆ।
ਦਿੱਲੀ ਵਿੱਚ ਕਰਵਾਏ ਗਏ ਸਿੱਖ ਵਿਰੋਧੀ ਦੰਗੇ ਕਾਂਗਰਸ ਦੇ ਆਗੂਆਂ ਦੀ ਸਾਜਿਸ਼ ਸੀ ਜਿਸ ਨਾਲ ਹਜਾਰਾਂ ਸਿੱਖਾਂ ਨੂੰ ਇਨ੍ਹਾਂ ਨੇ ਨਿਸ਼ਾਨਾ ਬਣਾਇਆ ਤੇ ਹੋਰ ਤਾਂ ਹੋਰ ਇਨ੍ਹਾਂ ਦੰਗਿਆਂ ਲਈ ਜ਼ਿੰਮੇਵਾਰ ਕਾਂਗਰਸੀ ਆਗੂਆਂ ਨੂੰ ਅੱਜ ਵੀ ਇਸ ਕਾਂਗਰਸ ਵਿੱਚ ਵੱਡਾ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ ਜੋ ਕਿ ਕਾਂਗਰਸ ਆਗੂਆਂ ਲਈ ਸ਼ਰਮ ਦੀ ਗੱਲ ਹੈ। ਆਜ਼ਾਦੀ ਦਿਹਾੜੇ ਵਾਲੇ ਦਿਨ ਕਾਂਗਰਸ ਨੇ ਇਹਨਾਂ ਦੰਗਿਆਂ ਨੂੰ ਹੀ ਦੋਸ਼ੀ ਜਗਦੀਸ਼ ਟਾਈਟਲ ਨੂੰ ਆਪਣੇ ਸਮਾਗਮ ਵਿੱਚ ਬੁਲਾਇਆ ਤੇ ਰਾਹੁਲ ਗਾਂਧੀ ਨੇ ਆਪਣੇ ਫੇਸਬੁੱਕ ਤੋਂ ਇਸ ਫੋਟੋ ਸ਼ੇਅਰ ਕੀਤੀ।
ਹਰਦੀਪ ਗਿੱਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਭਾਜਪਾ ਵੱਲੋਂ ਹੋਰ ਘੱਟ ਗਿਣਤੀ ਭਾਈਚਾਰਿਆਂ ਦੇ ਨਾਲ-ਨਾਲ ਸਿੱਖ ਭਾਈਚਾਰੇ ਦੇ ਵਿਕਾਸ ਲਈ ਵੱਡੀਆਂ ਨੀਤੀਆਂ ਲਾਗੂ ਕੀਤੀਆਂ ਜਾਣਗੀਆਂ ਤੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਉਪਰੰਤ ਇੱਥੇ ਵੀ ਵਿਕਾਸ ਦੀਆਂ ਲਹਿਰਾਂ-ਬਹਿਰਾਂ ਲੱਗਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਜਦੋਂ 2027 ਵਿੱਚ ਪੰਜਾਬ ਵਿੱਚ ਵੀ ਭਾਜਪਾ ਸੱਤਾ ਵਿੱਚ ਆਈ ਤਦ ਇੱਥੇ ਵੀ ਹਰਿਆਣੇ, ਯੂ.ਪੀ., ਅਤੇ ਦਿੱਲੀ ਦੀ ਤਰ੍ਹਾਂ ਡਬਲ ਇੰਜਣ ਸਰਕਾਰ ਹੋਵੇਗੀ ਜਿਸਦੀ ਮੰਜ਼ਿਲ ਸਭ ਵਰਗਾਂ ਦਾ ਬਰਾਬਰ ਵਿਕਾਸ ਹੋਵੇਗਾ।