
ਜੰਡਿਆਲਾ ਗੁਰੂ/ਤਰਸਿੱਕਾ, 25 ਅਗਸਤ (ਕੰਵਲਜੀਤ ਸਿੰਘ ਲਾਡੀ) : ਬਲਾਕ ਤਰਸਿੱਕਾ ਨੂੰ ਖ਼ਤਮ ਕਰਨ ਦੇ ਸਰਕਾਰੀ ਫ਼ੈਸਲੇ ਖ਼ਿਲਾਫ਼ ਲੋਕਾਂ ਦਾ ਰੋਹ ਭੜਕ ਉੱਠਿਆ ਹੈ। ਪਿੰਡ ਤਰਸਿੱਕਾ ਤੋਂ ਸ਼ੁਰੂ ਹੋਇਆ ਇਹ ਸੰਘਰਸ਼ ਹੁਣ ਇੱਕ ਜਨ ਅੰਦੋਲਨ ਦਾ ਰੂਪ ਲੈ ਚੁੱਕਾ ਹੈ, ਜਿਸ ਵਿੱਚ ਆਸ-ਪਾਸ ਦੇ ਪਿੰਡਾਂ ਨੇ ਵੀ ਪੂਰਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਸੰਘਰਸ਼ ਦੀ ਅਗਲੀ ਰਣਨੀਤੀ ਤੈਅ ਕਰਨ ਲਈ ਗੁਰਦੁਆਰਾ ਡੇਰਾ ਭਗਤਾਂ ਵਿਖੇ ਬਲਾਕ ਅਧੀਨ ਆਉਂਦੇ ਪਿੰਡਾਂ ਦੇ ਪੰਚਾਂ, ਸਰਪੰਚਾਂ, ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਅਹਿਮ ਮੀਟਿੰਗ ਕੀਤੀ।
ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਬਲਾਕ ਤਰਸਿੱਕਾ ਨੂੰ ਤੁਰੰਤ ਬਹਾਲ ਕਰਨ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਹਰਭਜਨ ਸਿੰਘ ਈ.ਟੀ.ਓ. ਨੂੰ ਦੋ ਦਿਨਾਂ ਦਾ ਸਖ਼ਤ ਅਲਟੀਮੇਟਮ ਦਿੱਤਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋ ਦਿਨਾਂ ਦੇ ਅੰਦਰ ਇਹ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਪਿੰਡ-ਪਿੰਡ ਜਾ ਕੇ ਸਰਕਾਰ ਵਿਰੁੱਧ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਲੜੀਵਾਰ ਢੰਗ ਨਾਲ ਪਿੰਡਾਂ ਵਿੱਚ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
ਮੀਟਿੰਗ ਵਿੱਚ ਇੱਕ ਸਾਂਝੇ ਫ਼ੈਸਲੇ ਤਹਿਤ ਇਹ ਵੀ ਕਿਹਾ ਗਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇਗਾ। ਆਗੂਆਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣੇ ਹੱਕਾਂ ਦੀ ਲੜਾਈ ਹਰ ਕੀਮਤ ‘ਤੇ ਲੜਨਗੇ ਅਤੇ ਸਰਕਾਰ ਦੀ ਇਸ ਤਾਨਾਸ਼ਾਹੀ ਨੀਤੀ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਇਸ ਫ਼ੈਸਲੇ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਲੋਕਾਂ ਦਾ ਇਹ ਵਿਰੋਧ ਹੁਣ ਸਿੱਧੇ ਤੌਰ ‘ਤੇ ਸੱਤਾਧਾਰੀ ਪਾਰਟੀ ਨੂੰ ਚੁਣੌਤੀ ਦੇ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਲਾਲੀ ਪ੍ਰਧਾਨ , ਕੰਵਲਜੀਤ ਸਿੰਘ ਰਸੂਲਪੁਰ , ਸਿਵਰਾਜ ਸਿੰਘ ਪ੍ਰਧਾਨ ਤਰਸਿੱਕਾ , ਪ੍ਰਭਦਿਆਲ ਸਿੰਘ ਸਾਬਕਾ ਸਰਪੰਚ ਸਰਜਾ , ਬਿਕਰਮਜੀਤ ਸਿੰਘ ਸਰਪੰਚ ਮਾਲੋਵਾਲ, ਸਰਬਜੀਤ ਸਿੰਘ ਡੇਅਰੀਵਾਲ , ਤਲਵਿੰਦਰ ਸਿੰਘ ਯੋਧਾਨਗਰੀ, ਨਵਦੀਪ ਸਿੰਘ , ਜਗਰੂਪ ਸਿੰਘ ਸ਼ਾਹਪੁਰ ਖੁਰਦ , ਮਨਜੀਤ ਸਿੰਘ ਮੈਂਬਰ ਪੰਚਾਇਤ ਤਰਸਿੱਕਾ , ਸੁਖਵਿੰਦਰ ਸਿੰਘ ਜੋਤੀ ਮੈਬਰ ਪੰਚਾਇਤ , ਹਰਜੀਤ ਸਿੰਘ ਗੋਲੂ , ਨਿਸ਼ਾਨ ਸਿੰਘ ਜੰਡ , ਨਵਤੇਜ ਸਿੰਘ ਸੰਗਰਾਏ ਜਸਵੰਤ ਸਿੰਘ ਸੰਗਰਾਏ , ਸੋਭਾ ਸਿੰਘ ਸਾਬਕਾ ਪੰਚ , ਗੁਰਭੇਜ ਸਿੰਘ ਬੱਲੂ ਸਰਪੰਚ ਕੋਟ ਖਹਿਰਾ ਆਪੋ ਆਪਣੇ ਪਿੰਡਾ ਦੇ ਮੋਹਤਬਾਰ ਆਗੂਆਂ ਸਮੇਤ ਸ਼ਾਮਿਲ ਹੋਏ।