Uncategorized

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਬਾਬਾ ਬਕਾਲਾ ਵਿਖੇ ਹੋਵੇਗਾ ਵੱਡਾ ਧਾਰਮਿਕ ਸਮਾਗਮ

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੀਤੇ ਜਾਣਗੇ ਦੋ ਵੱਡੇ ਸਮਾਗਮ : ਸੌਂਦ

ਬਾਬਾ ਬਕਾਲਾ ਸਾਹਿਬ, 2 ਅਗਸਤ (ਸੁਖਵਿੰਦਰ ਬਾਵਾ) : ਹਿੰਦ ਦੀ ਚਾਦਰ, ਨੌਵੇਂ ਗੁਰੂ , ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਡਿਊਟੀ ਮੰਤਰੀ ਸਾਹਿਬਾਨ ਨੂੰ ਦਿੱਤੀ ਗਈ ਹੈ, ਦੇ ਚਲਦੇ ਅੱਜ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ, ਕੈਬਨਿਟ ਮੰਤਰੀ ਸ ਤਰਨਪ੍ਰੀਤ ਸਿੰਘ ਸੌਦ, ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਤੇ ਡਾਇਰੈਕਟਰ ਸੰਜੀਵ ਤਿਵਾੜੀ ਨੇ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਜ਼ਿਲਾ ਪੁਲਿਸ ਮੁਖੀ ਸ. ਮਨਿੰਦਰ ਸਿੰਘ ਤੇ ਸਾਰੇ ਵਿਭਾਗਾਂ ਨੂੰ ਨਾਲ ਲੈ ਕੇ ਬਾਬਾ ਬਕਾਲਾ ਸਾਹਿਬ ਦਾ ਦੌਰਾ ਕੀਤਾ। ਉਹਨਾਂ ਨੇ ਕਰਵਾਏ ਜਾਣ ਵਾਲੇ ਯਾਦਗਾਰੀ ਸਮਾਗਮ ਦੇ ਸਥਾਨ ਦੀ ਚੋਣ ਅਤੇ ਮਾਝਾ ਖੇਤਰ ਦੀ ਯਾਤਰਾ ਜੋ ਕਿ ਗੁਰਦਾਸਪੁਰ ਤੋਂ ਅਨੰਦਪੁਰ ਸਾਹਿਬ ਜਾਣੀ ਹੈ, ਦੇ ਸਵਾਗਤ ਲਈ ਬਾਬਾ ਬਕਾਲਾ ਸਾਹਿਬ ਵਿਖੇ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਦਾ ਜਾਇਜ਼ਾ ਲਿਆ। 

ਇਸ ਮੌਕੇ ਸੰਬੋਧਨ ਕਰਦੇ ਸੈਰ ਸਪਾਟਾ ਮੰਤਰੀ ਸ਼੍ਰੀ ਤਰਨਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਵੱਡੇ ਧਾਰਮਿਕ ਸਮਾਗਮ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਇਹਨਾਂ ਸਮਾਗਮਾਂ ਦੀਆਂ ਤਿਆਰੀਆਂ ਦੀ ਸਮੀਖਿਆ ਰੋਜ਼ਾਨਾ ਮੁੱਖ ਮੰਤਰੀ ਪੰਜਾਬ ਕਰਦੇ ਹਨ, ਸੋ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਕਰਵਾਏ ਜਾਣ ਵਾਲੇ ਸਮਾਗਮਾਂ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਹਨਾਂ ਨੇ ਸਾਰੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਕੰਮ ਡਿਊਟੀ ਨਹੀਂ ਸੇਵਾ ਸਮਝ ਕੇ ਕਰਨ।

       ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਾਡੇ ਕੋਲ ਕੰਮ ਕਰਨ ਲਈ ਕੇਵਲ 40 ਵਰਕਿੰਗ ਦਿਨ ਹਨ, ਸੋ ਇਹ ਕੰਮ ਅੱਜ ਤੋਂ ਹੀ ਸ਼ੁਰੂ ਕਰ ਦਿੱਤੇ ਗਏ ਹਨ । ਸਾਡੀਆਂ ਟੀਮਾਂ ਵਿਉਂਤਬੰਦੀ ਕਰ ਰਹੀਆਂ ਹਨ , ਜਿਹੜੇ ਵੀ ਰਸਤੇ, ਸੜਕਾਂ ਬਣਨ ਵਾਲੇ ਹਨ, ਉਹਨਾਂ ਦਾ ਕੰਮ ਤਰਜੀਹ ਆਧਾਰ ਉੱਤੇ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 5 ਸਤੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਦੀ ਯਾਦਗਰ ਦੇ ਉਦਘਾਟਨ ਨਾਲ ਇਹ ਸਮਾਗਮ ਸ਼ੁਰੂ ਹੋ ਜਾਣਗੇ। ਉਹਨਾਂ ਸਾਰੇ ਭਾਈਚਾਰਿਆਂ ਨੂੰ ਮਿਲ ਕੇ ਇਹ ਸਮਾਗਮ ਮਨਾਉਣ ਦਾ ਸੱਦਾ ਦਿੱਤਾ। 

 

ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਕਿ ਗੁਰੂ ਸਾਹਿਬ ਦੇ ਫਲਸਫੇ ਨੂੰ ਪ੍ਰਚਾਰਨ ਤੇ ਪ੍ਰਸਾਰਨ ਲਈ ਇਹ ਸਮਾਗਮ ਸਰਕਾਰ ਵੱਲੋਂ ਉਲੀਕੇ ਗਏ ਹਨ, ਸੋ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਕੰਮ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਨਾਲ ਜੋੜੀਏ। ਉਹਨਾਂ ਕਿਹਾ ਕਿ ਵੱਖ-ਵੱਖ ਸਥਾਨਾਂ ਤੋਂ ਆਉਣ ਵਾਲੀਆਂ ਯਾਤਰਾਵਾਂ ਦਾ ਸਵਾਗਤ ਵੱਡੇ ਪੱਧਰ ਉੱਤੇ ਕੀਤਾ ਜਾਵੇ ਅਤੇ ਅਜਿਹੇ ਸ਼ਾਨਦਾਰ ਸਮਾਗਮ ਹੋਣ ਕਿ ਆਉਣ ਵਾਲੀਆਂ ਪੀੜੀਆਂ ਇਹਨਾਂ ਸਮਾਗਮਾਂ ਦੀ ਸ਼ਾਨ ਨੂੰ ਯਾਦ ਰੱਖਣ। ਇਸ ਮੌਕੇ ਹਲਕਾ ਵਿਧਾਇਕ ਸ. ਦਲਬੀਰ ਸਿੰਘ ਟੌਗ ਨੇ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ਲਈ ਦਿਲੋਂ ਜਾਨ ਨਾਲ ਕੰਮ ਕਰਨ ਦਾ ਪ੍ਰਣ ਲੈਂਦਿਆਂ ਕਿਹਾ ਕਿ ਅਸੀਂ ਇਸ ਸਮਾਗਮ ਪਾਰਟੀ ਪੱਧਰ ਤੋਂ ਉੱਪਰ ਹੋ ਕੇ ਮਨਾਵਾਂਗੇ ਅਤੇ ਦੁਨੀਆਂ ਭਰ ਦੀ ਨਾਨਕ ਨਾਮ ਲੇਵਾ ਸੰਗਤ ਨੂੰ ਨਾਲ ਜੋੜਾਂਗੇ। ਉਹਨਾਂ ਕਿਹਾ ਕਿ ਅਸੀਂ ਸੁਭਾਗੇ ਹਾਂ ਕਿ ਸਾਨੂੰ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਰਹਿਣ ਦਾ ਮੌਕਾ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਸਮੁੱਚੇ ਸੰਸਾਰ ਵਿੱਚ ਇਹ ਪ੍ਰੋਗਰਾਮ ਵੇਖੇ ਅਤੇ ਸੁਣੇ ਜਾਣੇ ਹਨ ਸੋ ਅਸੀਂ ਆਪਣੀਆਂ ਤਿਆਰੀਆਂ ਉਸ ਪੱਧਰ ਉੱਤੇ ਕਰਾਂਗੇ।

   ਹੋਰਨਾਂ ਤੋਂ ਇਲਾਵਾ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਸ੍ਰੀਮਤੀ ਪਰਮਜੀਤ ਕੌਰ, ਐਸਡੀਐਮ ਅਮਨਦੀਪ ਸਿੰਘ, ਗੁਰਪ੍ਰਤਾਪ ਸਿੰਘ ਸੰਧੂ, ਨਗਰ ਕੌਂਸਲ ਪ੍ਰਧਾਨ ਸੁਰਜੀਤ ਸਿੰਘ ਕੰਗ, ਅਵਤਾਰ ਸਿੰਘ ਅਤੇ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button