
ਲੁਧਿਆਣਾ, 13 ਜੂਨ (ਬਿਊਰੋ) : ਪੰਜਾਬ ਦੇ ਲੁਧਿਆਣਾ ਅਧੀਨ ਆਉਂਦੀ ਤਹਿਸੀਲ ਦੇ ਐਸਡੀਐਮ ਦਫ਼ਤਰ ਵਿੱਚ ਬੀਤੀ ਦੇਰ ਰਾਤ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਦਫ਼ਤਰ ‘ਚੋਂ ₹24.06 ਲੱਖ ਨਕਦੀ ਬਰਾਮਦ ਹੋਈ। SDM ਮੌਕੇ ਤੋਂ ਫਰਾਰ ਹੋ ਗਏ, ਜਦਕਿ ਉਨ੍ਹਾਂ ਦੇ ਸਟੈਨੋ ਜਤਿੰਦਰ ਸਿੰਘ ਨੂੰ ਵਿਜੀਲੈਂਸ ਨੇ ਹਿਰਾਸਤ ‘ਚ ਲੈ ਲਿਆ।
ਮਾਮਲਾ ਰਾਏਕੋਟ ਦੇ ਪਿੰਡ ਬੜੈਚ ਦੇ ਦੋ ਸੱਗੇ ਭਰਾ, ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਦੀ 14 ਏਕੜ ਜ਼ਮੀਨ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜ਼ਮੀਨ ਦਾ ਇੰਤਕਾਲ ਚੜ੍ਹਾਉਣ ਲਈ 25 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ।
ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਟੀਮ ਨੇ ਸਭ ਤੋਂ ਪਹਿਲਾਂ SDM ਦਫ਼ਤਰ ‘ਚ ਛਾਪਾ ਮਾਰਿਆ। ਵਿਵਾਦ ਵੱਧਣ ‘ਤੇ ਵਿਜੀਲੈਂਸ ਨੂੰ ਲੁਧਿਆਣਾ ਤੋਂ ਬੁਲਾਇਆ ਗਿਆ। DSP ਸ਼ਿਵਚੰਦ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਲਗਭਗ ਦੋ ਘੰਟੇ ਚੱਲੀ ਕਾਰਵਾਈ ਦੌਰਾਨ ਕਿਸੇ ਵੀ ਮੀਡੀਆ ਕਰਮੀ ਜਾਂ ਖੁਫੀਆ ਵਿਭਾਗ ਦੇ ਕਰਮਚਾਰੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।