52.6 ਲੱਖ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸਮੂਹਿਕ ਤੌਰ ‘ਤੇ ‘ਹਿੰਦ ਦੀ ਚਾਦਰ’ ਗਾ ਕੇ ਬਣਾਇਆ ਵਿਸ਼ਵ ਰਿਕਾਰਡ
‘ਬੈਸਟ ਆਫ਼ ਇੰਡੀਆ ਰਿਕਾਰਡਸ’ ਨੇ ਇਸ ਗੀਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਤੇ ਇੱਕੋ ਸਮੇਂ ਗਾਏ ਗਏ ਸ਼ਰਧਾਂਜਲੀ ਗੀਤ ਵਜੋਂ ਕੀਤਾ ਪ੍ਰਮਾਣਿਤ

ਮੁੰਬਈ, 25 ਫਰਵਰੀ (ਬਲਰਾਜ ਸਿੰਘ ਰਾਜਾ) : ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦੇ ਵਿਸ਼ੇਸ਼ ਸਹਿਯੌਗ ਤੇ ਦਮਦਮੀ ਟਕਸਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਸਰਪ੍ਰਸਤੀ ‘ਚ ਮਹਾਰਾਸ਼ਟਰ ਵਿਖੇ 28 ਫਰਵਰੀ ਤੇ 1 ਮਾਰਚ ਨੂੰ ਖਾਰਘਰ (ਨਵੀਂ ਮੁੰਬਈ) ਦੇ ਉਵੇ ਮੈਦਾਨ ‘ਚ ਜੋ ਸ਼ਹੀਦੀ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਹਨ,ਉਸ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਦੇ ਵਿਸ਼ੇਸ਼ ਉਪਰਾਲੇ ਸਦਕਾ ਬੀਤੀ 23 ਫਰਵਰੀ ਨੂੰ ਠੀਕ ਸਵੇਰੇ 9 ਵਜੇ ਕੋਂਕਣ ਖੇਤਰ ਦੀਆਂ ਕੁਲ 20,239 ਸੰਸਥਾਵਾਂ ਤੋਂ 51,13,208 ਵਿਦਿਆਰਥੀਆਂ ਤੇ 1,50,104 ਅਧਿਆਪਕਾਂ ਵੱਲੋਂ ਹਿੰਦ-ਦੀ-ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਨਮਨ ਹੁੰਦੇ ਹੋਏ ਸਮੂਹਿਕ ਤੌਰ ‘ਤੇ ਇੱਕ ਹੀ ਸਮੇਂ ‘ਹਿੰਦ-ਦੀ-ਚਾਦਰ’ਸ਼ਰਧਾਂਜ਼ਲੀ ਗੀਤ ਦੀ ਪੇਸ਼ਕਾਰੀ ਕੀਤੀ ਗਈ,ਜਿਸ ਤੋਂ ਬਾਅਦ ਦਿੱਲੀ ਸਥਿਤ ਰਿਕਾਰਡ ਰਜਿਸਟਰੀ ‘ਬੈਸਟ ਆਫ਼ ਇੰਡੀਆ ਰਿਕਾਰਡਸ’ ਨੇ 4.45 ਮਿੰਟ ਦੀ ਇਸ ਗੀਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਇੱਕੋ ਸਮੇਂ ਗਾਏ ਗਏ ਸ਼ਰਧਾਂਜਲੀ ਗੀਤ ਵਜੋਂ ਪ੍ਰਮਾਣਿਤ ਕੀਤਾ ਹੈੈ।

ਇਹ ਧਾਰਮਿਕ ਗੀਤ ਗੁਰੁ ਸਾਹਿਬ ਪ੍ਰਤੀ ਸ਼ਰਧਾਂ ਤੇ ਸ਼ਰਧਾਂਜਲੀ ਦਾ ਅਜਿਹਾ ਸੁਮੇਲ ਬਣਿਆ ਜੋ ਆਪਣੇ ਆਪ ‘ਚ ਇੱਕ ਵਿਸ਼ਵ ਰਿਕਾਰਡ ਬਣਾ ਗਿਆ। ‘ਹਿੰਦ ਦੀ ਚਾਦਰ’ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਤੇ ਪ੍ਰਸਿੱਧ ਗਾਇਕ, ਕਵੀ ਤੇ ਚਿੰਤਕ ਡਾ. ਸਤਿੰਦਰ ਸਰਤਾਜ ਵੱਲੋਂ ਲਿਖਿਆ ਤੇ ਗਾਇਆ ਇਹ ਗੀਤ 25 ਅਕਤੂਬਰ 2025 ਨੂੰ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਤੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਰਿਲੀਜ਼ ਕੀਤਾ ਗਿਆ ਸੀ,ਜਿਸਨੂੰ ਅੱਜ ਸਕੂਲਾਂ ਅੰਦਰ ਕੁੱਲ 5,231,312 ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਸਵੇਰ ਦੀ ਪ੍ਰਾਰਥਨਾ ਦੇ ਰੂਪ `ਚ ਗਾਇਆ ਗਿਆ।ਇਸ ਗੀਤ ਨੂੰ ਮਹਾਰਾਸ਼ਟਰ ਪੁਲਿਸ ਵਿਭਾਗ ਵਲੋਂ ਰਾਜ ਦੇ ਪੇਂਡੂ ਤੇ ਅੰਦਰੂਨੀ ਖੇਤਰਾਂ `ਚ ਲਾਉਡਸਪੀਕਰਾਂ ਰਾਹੀਂ ਪ੍ਰਸਾਰਿਤ ਕਰਨ ਲਈ ਵੀ ਅਧਿਕਾਰਤ ਨਿਰਦੇਸ਼ ਜਾਰੀ ਕੀਤੇ ਗਏ ਸਨ ਤੇ ਨਾਲ ਹੀ ਸਿਨੇਮਾ ਹਾਲਾਂ ਅੰਦਰ ਫਿਲਮ ਸਕ੍ਰੀਨਿੰਗ ਤੋਂ ਪਹਿਲਾਂ ਇਸ ਗੀਤ ਨੂੰ ਵਜਾਇਆ ਗਿਆ।













