
ਜੰਡਿਆਲਾ ਗੁਰੂ, 24 ਮਈ (ਕੰਵਲਜੀਤ ਸਿੰਘ ਲਾਡੀ) : ਸ਼ਹਿਰ ਜੰਡਿਆਲਾ ਗੁਰੂ ਅਤੇ ਆਸ ਪਾਸ ਦੇ ਇਲਾਕੇ ਅੰਦਰ ਨਿੱਤ ਦਿਹਾੜੇ ਲੁੱਟਾ – ਖੋਹਾਂ,ਫਿਰੋਤੀਆ, ਚਿੱਟੇ ਦਿਨ ਗੋਲੀਆਂ ਚਲਾ ਕੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ਾਇਦ ਪੰਜਾਬ ਸੂਬਾ ਭਾਰਤ ਦੇ ਸਾਰਿਆਂ ਪ੍ਰਾਂਤਾਂ “ਚੋ ਮੋਹਰੀ ਸੂਬਾ ਬਣ ਚੁੱਕਾ ਹੈ, ਇਸੇ ਦੀ ਤਾਜ਼ਾ ਮਿਸਾਲ ਰਾਤ ਵੇਲੇ ਚੋਰ ਤਾਲੇ ਤੋੜ ਕੇ 30 ਤੋਲੇ ਸੋਨਾ ਜੋ ਕਿ ਲੱਗ ਭੱਗ 27 ਤੋਂ 29 ਲੱਖ ਰੁਪਏ ਦਾ ਬਣਦਾ ਹੈ ਤੇ 50ਹਜਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ।
ਬੀਬੀ ਜਸਬੀਰ ਕੌਰ ਪਤਨੀ ਸਵ.ਸੁਖਦੇਵ ਸਿੰਘ ਨਿਵਾਸੀ ਮਾਹੀ ਵਾਲਾ ਖੂਹ ਜੰਡਿਆਲਾ ਗੁਰੂ ਨੇ ਦੁਖੀ ਮਨ ਨਾਲ ਦੱਸਿਆ ਕਿ ਰਾਤ ਕਰੀਬ 12:17 ਵਜੇ ਚਾਰ ਲੁਟੇਰੇ ਜੋ ਕਿ ਸੀ.ਸੀ.ਟੀ.ਵੀ ਵਿੱਚ ਦਿਖਾਈ ਦਿੰਦੇ ਹਨ, ਤਾਲੇ ਤੋੜ ਕੇ ਘਰ ਵਿੱਚ ਦਾਖਲ ਹੋਏ ਤੇ ਅਲਮਾਰੀਆਂ ਤੋੜੀਆਂ ਜਿਨ੍ਹਾਂ ਵਿਚੋਂ ਚੋਰਾਂ ਨੇ 30 ਤੋਲੇ ਸੋਨਾ ਅਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਬੀਬੀ ਜਸਬੀਰ ਕੌਰ ਨੇ ਦੱਸਿਆ ਕਿ ਉਸ ਵਕਤ ਘਰ ਵਿੱਚ ਕੋਈ ਵੀ ਨਹੀਂ ਸੀ।
ਉਨ੍ਹਾਂ ਦੱਸਿਆ ਕਿ ਦੁਪਹਿਰ ਵੇਲੇ ਉਕਤ ਚੋਰੀ ਦਾ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਉਨ੍ਹਾਂ ਵੱਲੋਂ ਚੌਕੀ ਜੰਡਿਆਲਾ ਗੁਰੂ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ। ਇਥੇ ਇਹ ਵਰਨਣਯੋਗ ਹੈ ਕਿ ਜੰਡਿਆਲਾ ਗੁਰੂ ਕੈਬਨਿਟ ਮੰਤਰੀ ਹਰਭਜਨ ਸਿੰਘ ਦਾ ਜੱਦੀ ਸ਼ਹਿਰ ਹੈ।ਬੀਬੀ ਜਸਬੀਰ ਕੌਰ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਉਨ੍ਹਾਂ ਨੂੰ ਚੋਰਾਂ ਵੱਲੋਂ ਲੁੱਟਿਆ ਹੋਇਆ ਸੋਨਾ ਅਤੇ ਨਕਦੀ ਵਾਪਸ ਦਿਵਾਇਆ ਜਾਵੇ। ਇਸ ਸਬੰਧੀ ਚੌਂਕੀ ਇੰਚਾਰਜ ਨਰੇਸ਼ ਕੁਮਾਰ ਨੇ ਕਿਹਾ ਕਿ ਚੋਰਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।