ताज़ा खबरपंजाब

ਹੜ ਪ੍ਰਭਾਵਿਤ ਇਲਾਕੇ ਵਿੱਚ ਪਾਣੀ, ਰਾਸ਼ਨ, ਦਵਾਈਆਂ ਅਤੇ ਪਸ਼ੂਆਂ ਦੇ ਚਾਰੇ ਦੀ ਵੰਡ ਲਗਾਤਾਰ ਜਾਰੀ

ਪੰਜਾਬ ਸਰਕਾਰ ਵੱਲੋਂ ਤਿੰਨ ਪ੍ਰਬੰਧਕੀ ਸੈਕਟਰੀ ਪੱਧਰ ਦੇ ਸੀਨੀਅਰ ਅਧਿਕਾਰੀ ਵੀ ਮਦਦ ਲਈ ਮੌਕੇ ਉੱਤੇ ਪੁੱਜੇ 

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸੂਰਜ ਚੜਨ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਨ ਰਾਹਤ ਦੇ ਕੰਮ 

ਜਿਲਾ ਪੁਲਿਸ ਮੁਖੀ ਦੀ ਨਿਰੰਤਰ ਹਾਜ਼ਰੀ ਨੇ ਪੁਲਿਸ ਨੂੰ ਲੋਕ ਸੇਵਾ ਵਿੱਚ ਲਗਾਇਆ

 

ਅੰਮ੍ਰਿਤਸਰ , 30 ਅਗਸਤ (ਕੰਵਲਜੀਤ ਸਿੰਘ ਲਾਡੀ,ਸਾਹਿਲ ਗੁਪਤਾ) : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜ਼ਿਲੇ ਵਿੱਚ ਹੜ ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਤ ਸਥਾਨਾਂ ਉੱਤੇ ਲਿਆਉਣ ਅਤੇ ਰਾਹਤ ਵੰਡਣ ਦਾ ਕੰਮ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਦੀ ਤਰਫੋਂ ਪ੍ਰਬੰਧਕੀ ਸਕੱਤਰ ਪੱਧਰ ਦੇ ਤਿੰਨ ਅਧਿਕਾਰੀ ਜਿਨਾਂ ਵਿੱਚ ਸ੍ਰੀ ਕਮਲ ਕਿਸ਼ੋਰ ਯਾਦਵ, ਸ੍ਰੀ ਵਰਨ ਰੂਜ਼ਮ ਅਤੇ ਸ੍ਰੀ ਬਸੰਤ ਗਰਗ ਸ਼ਾਮਿਲ ਹਨ, ਹੜ ਪੀੜਤਾਂ ਦੀ ਰਾਹਤ ਲਈ ਚੱਲ ਰਹੇ ਕੰਮਾਂ ਦੀ ਅਗਵਾਈ ਕਰਨੀ ਵਿਸ਼ੇਸ਼ ਤੌਰ ਉੱਤੇ ਚੰਡੀਗੜ੍ਹ ਤੋਂ ਅਜਨਾਲਾ ਪੁੱਜੇ ਹਨ। ਅੱਜ ਅਜਨਾਲਾ ਖੇਤਰ ਵਿੱਚ ਬਾਅਦ ਦੁਪਹਿਰ ਲਗਾਤਾਰ ਮੀਂਹ ਜਾਰੀ ਰਿਹਾ ਪਰ ਮੀਂਹ ਦੇ ਬਾਵਜੂਦ ਵੀ ਰਾਹਤ ਦੇ ਕੰਮ ਰੁਕੇ ਨਹੀਂ। ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਉਸੇ ਤਰ੍ਹਾਂ ਆਪਣੇ ਆਪਣੇ ਕੰਮ ਵਿੱਚ ਰੁੱਝੇ ਰਹੇ।

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਰਾਹਤ ਦੇ ਕੰਮ ਸੂਰਜ ਦੀ ਟਿੱਕੀ ਚੜਨ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਨ। ਉਹ ਤੇ ਜ਼ਿਲ੍ਹਾ ਪੁਲਿਸ ਮੁਖੀ ਸ ਮਨਿੰਦਰ ਸਿੰਘ ਖ਼ੁਦ ਸਵੇਰੇ 6 ਵਜੇ ਤੋਂ ਪਹਿਲਾਂ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚ ਜਾਂਦੇ ਹਨ ਅਤੇ ਰਾਤ 11 ਵਜੇ ਤੱਕ ਉਹ ਸਾਰੇ ਪ੍ਰਭਾਵਿਤ ਸਥਾਨਾਂ ਉੱਤੇ ਪਹੁੰਚ ਕੇ ਅਧਿਕਾਰੀਆਂ ਨਾਲ ਕੰਮ ਕਰਵਾ ਰਹੇ ਹਨ। ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ ਨਿਰੰਤਰ ਲੋਕ ਸੇਵਾ ਵਿੱਚ ਲੱਗੇ ਹੋਏ ਹਨ। 

     ਅੱਜ ਐਸਡੀਐਮ ਅਜਨਾਲਾ ਸ੍ਰੀ ਰਵਿੰਦਰ ਸਿੰਘ, ਐਸਡੀਐਮ ਅੰਮ੍ਰਿਤਸਰ ਵੰਨ ਸ ਗੁਰਸਿਮਰਨ ਸਿੰਘ ਢਿੱਲੋਂ ਅਤੇ ਸਹਾਇਕ ਕਮਿਸ਼ਨਰ ਸ ਖੁਸ਼ਪ੍ਰੀਤ ਸਿੰਘ ਰਮਦਾਸ ਨੇੜਲੇ ਪਿੰਡਾਂ ਵਿੱਚ ਰਾਹਤ ਦੇ ਕੰਮ ਸੰਭਾਲਦੇ ਰਹੇ। ਉਹਨਾਂ ਨਾਲ ਐਨ ਡੀ ਆਰ ਐਫ ਦੀਆਂ ਦੋ ਟੀਮਾਂ, ਕਿਸ਼ਤੀਆਂ ਅਤੇ ਰਾਹਤ ਦੇ ਕੰਮਾਂ ਨੂੰ ਚਲਾਉਣ ਲਈ ਮੰਗਵਾਏ ਗਏ ਏ ਟੀ ਓ ਆਰ ਵਹੀਕਲ ਸ਼ਾਮਿਲ ਸਨ। ਜਦ ਕਿ ਅਜਨਾਲਾ ਨੇੜਲੇ ਪਿੰਡ ਸੁਧਾਰ, ਮਲਕਪੁਰ, ਦਰਿਆ, ਰੂੜੇਵਾਲ, ਥੋਬਾ ਆਦਿ ਪਿੰਡਾਂ ਵਿੱਚ ਰਾਹਤ ਦਾ ਕੰਮ ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਜਾਰੀ ਰਿਹਾ। ਲੋਪੋਕੇ ਤਹਿਸੀਲ ਦੇ ਪ੍ਰਭਾਵਿਤ ਪਿੰਡਾਂ ਵਿੱਚ ਐਸਡੀਐਮ ਲੋਪੋਕੇ ਅਤੇ ਉਹਨਾਂ ਦੀ ਟੀਮ ਕੰਮ ਸੰਭਾਲਦੀ ਰਹੀ। ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਦੇ ਇੰਚਾਰਜ ਸ੍ਰੀ ਜਸਕਰਨ ਬੰਦੇਸ਼ਾ ਅਤੇ ਉਹਨਾਂ ਦੀ ਟੀਮ ਵੀ ਹੜ ਪੀੜਤਾਂ ਦੀ ਮਦਦ ਵਿੱਚ ਲਗਾਤਾਰ ਕੰਮ ਕਰ ਰਹੀ ਹੈ। 

ਇਨਾ ਕੰਮ ਕਰ ਰਹੀਆਂ ਟੀਮਾਂ ਨੂੰ ਡੀਜ਼ਲ ਦੇਣ ਦਾ ਕੰਮ ਜਿਲਾ ਖੁਰਾਕ ਸਪਲਾਈ ਕੰਟਰੋਲਰ ਸ਼੍ਰੀ ਅਮਨਜੀਤ ਸਿੰਘ ਦੀ ਅਗਵਾਈ ਹੇਠ ਮਿਲਦਾ ਰਿਹਾ ਅਤੇ ਉਹਨਾਂ ਵੱਲੋਂ ਹੀ ਸਾਰੇ ਜਿਲੇ ਵਿੱਚ ਫੂਡ ਪੈਕਟ, ਰਾਸ਼ਨ, ਪੀਣ ਵਾਲੇ ਪਾਣੀ ਦੀ ਸਪਲਾਈ ਨਿਰੰਤਰ ਜਾਰੀ ਰਹੀ। ਜਿਲਾ ਮਾਲ ਅਫਸਰ ਸ ਨਵਕੀਰਤ ਸਿੰਘ ਅਤੇ ਰੈਡ ਕ੍ਰਾਸ ਸੈਕਟਰੀ ਸ੍ਰੀ ਸੈਮਸਨ ਮਸੀਹ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਆਏ ਹੋਏ ਫੂਡ ਪੈਕਟ ਦੀ ਡਿਲੀਵਰੀ ਪ੍ਰਭਾਵਿਤ ਪਰਿਵਾਰਾਂ ਤੱਕ ਲਗਾਤਾਰ ਕੀਤੀ ਜਾਂਦੀ ਰਹੀ। ਪੁਲਿਸ ਕੇਵਲ ਸੁਰੱਖਿਆ, ਟਰੈਫਿਕ ਹੀ ਨਹੀਂ ਦੇਖ ਰਹੀ ਬਲਕਿ ਲੋਕਾਂ ਨੂੰ ਪਿੰਡਾਂ ਵਿੱਚੋਂ ਲਿਆਉਣ ਅਤੇ ਰਾਹਤ ਸਮੱਗਰੀ ਵੰਡਣ ਦਾ ਕੰਮ ਵੀ ਕਰ ਰਹੀ ਹੈ। 

     ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲੇ ਦੇ 70 ਪਿੰਡ ਹੜਾਂ ਨਾਲ ਪ੍ਰਭਾਵਿਤ ਹਨ ਜਿਨਾਂ ਦੀ ਅੰਦਾਜ਼ਨ ਆਬਾਦੀ 30 ਹਜਾਰ ਦੇ ਕਰੀਬ ਹੈ ।ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਨਾਲ ਐਨਡੀਆਰਐਫ ਅਤੇ ਆਰਮੀ ਦੀਆਂ ਹੜ ਰਾਹਤ ਟੀਮਾਂ ਕੰਮ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਜਿੰਨਾ ਸਥਾਨਾਂ ਉੱਤੇ ਸੜਕੀ ਰਸਤੇ ਨਹੀਂ ਪਹੁੰਚ ਨਹੀਂ ਰਹੀ, ਉਹਨਾਂ ਵਾਸਤੇ 30 ਦੇ ਕਰੀਬ ਕਿਸ਼ਤੀਆਂ ਕੰਮ ਕਰ ਰਹੀਆਂ ਹਨ।

ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਤਿੰਨ ਰਾਹਤ ਕੈਂਪ ਕਾਰਜਸ਼ੀਲ ਹਨ ਅਤੇ ਇਸ ਤੋਂ ਇਲਾਵਾ ਕਈ ਸਕੂਲ ਵੀ ਲੋਕਾਂ ਦੇ ਰਹਿਣ ਲਈ ਖੋਲੇ ਗਏ ਹਨ। ਰਾਹਤ ਕੈਂਪਾਂ ਵਿੱਚ ਆਏ ਲੋਕਾਂ ਦੀ ਹਰ ਪ੍ਰਕਾਰ ਨਾਲ ਮਦਦ ਕੀਤੀ ਜਾ ਰਹੀ ਹੈ । ਉਨਾਂ ਆਖਿਆ ਕਿ ਪੰਜਾਬ ਸਰਕਾਰ ਹੜ ਪੀੜਤਾਂ ਨਾਲ ਡੱਟ ਕੇ ਖੜੀ ਹੈ ਅਤੇ ਉਨਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।

ਉਨਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ 24 ਘੰਟੇ ਲਈ ਮੈਡੀਕਲ ਟੀਮਾਂ ਰਾਹਤ ਕੈਂਪਾਂ ਵਿੱਚ ਤਾਇਨਾਤੀ ਕੀਤੀ ਗਈ ਹੈ, ਇਸ ਤੋਂ ਇਲਾਵਾ ਉੱਚੀਆਂ ਥਾਵਾਂ ਉੱਤੇ ਵੀ ਮੈਡੀਕਲ ਟੀਮਾਂ ਬੈਠ ਕੇ ਲੋਕਾਂ ਦਾ ਇਲਾਜ ਤੇ ਦਵਾਈਆਂ ਦੀ ਵੰਡ ਕਰ ਰਹੀਆਂ ਹਨ। ਉਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰੈਸਕਿਊ ਟੀਮਾਂ ਵੱਲੋਂ ਹੁਣ ਤੱਕ 1700 ਤੋਂ ਵੱਧ ਲੋਕਾਂ ਨੂੰ ਹੜ ਪ੍ਰਭਾਵਿਤ ਇਲਾਕਿਆਂ ਵਿੱਚੋਂ ਕੱਢਿਆ ਗਿਆ ਹੈ। ਉਹਨਾਂ ਦੱਸਿਆ ਕਿ ਪ੍ਰਭਾਵਿਤ ਖੇਤਰ ਵਿੱਚ ਹੁਣ ਤੱਕ ਇਕ ਲੱਖ ਤੋਂ ਵੱਧ ਬੋਤਲ ਪੀਣ ਵਾਲੇ ਪਾਣੀ ਦੀ ਵੰਡੀ ਜਾ ਚੁੱਕੀ ਹੈ 40 ਹਜਾਰ ਤੋਂ ਵੱਧ ਫੂਡ ਪੈਕਟ ਵੰਡੇ ਡੇ ਜਾ ਚੁੱਕੇ ਹਨ ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ, ਗੈਰ ਸਰਕਾਰੀ ਸੰਸਥਾਵਾਂ ਅਤੇ ਨਿਜੀ ਤੌਰ ਤੇ ਵਿਅਕਤੀਆਂ ਵੱਲੋਂ ਵੀ ਲੋੜਵੰਦਾਂ ਤੱਕ ਰਾਸ਼ਨ ਸਮੱਗਰੀ ਪਹੁੰਚਾਈ ਜਾ ਰਹੀ ਹੈ। ਇਸ ਤੋਂ ਇਲਾਵਾ ਲੋੜਵੰਦ ਵਿਅਕਤੀਆਂ ਤੱਕ ਖਾਸ ਕਰਕੇ ਜੋ ਵਿਅਕਤੀ ਆਪਣੇ ਘਰ ਦੀਆਂ ਛੱਤਾਂ ਉੱਤੇ ਸ਼ਰਨ ਲਈ ਬੈਠੇ ਹਨ, ਨੂੰ ਬਰਸਾਤ ਤੋਂ ਬਚਣ ਲਈ 700 ਦੇ ਕਰੀਬ ਤਰਪਾਲਾਂ ਦੀ ਵੰਡ ਵੀ ਕੀਤੀ ਜਾ ਚੁੱਕੀ ਹੈ। 

ਇਸ ਮੌਕੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸਰਦਾਰ ਅਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਹਰ ਲੋੜਵੰਦ ਵਿਅਕਤੀ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਅਸੀਂ ਸੁੱਕੇ ਰਾਸ਼ਨ ਵਿੱਚ ਆਟਾ, ਚੌਲ ਬਿਸਕੁਟ, ਮਾਚਿਸ, ਦਲੀਆ, ਖੰਡ, ਚਾਹ ਪੱਤੀ, ਮਿਲਕ ਪਾਊਡਰ, ਭੁੱਜੇ ਛੋਲੇ, ਪੀਣ ਵਾਲਾ ਪਾਣੀ, ਟੁਥ ਪੇਸਟ, ਸਾਬਣ ਆਦਿ ਦੀ ਪੈਕਿੰਗ ਭੇਜ ਰਹੇ ਹਾਂ ਤਾਂ ਜੋ ਹਰੇਕ ਘਰ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਹੁੰਦੀ ਰਹੇ।

Related Articles

Leave a Reply

Your email address will not be published. Required fields are marked *

Back to top button