ताज़ा खबरपंजाब

ਅੰਮ੍ਰਿਤਸਰ ਦੇ ਹੜ ਪੀੜਤ ਇਲਾਕਿਆਂ ਵਿੱਚੋਂ ਹੁਣ ਤੱਕ 2500 ਲੋਕਾਂ ਨੂੰ ਸੁਰੱਖਿਤ ਸਥਾਨਾਂ ਉੱਤੇ ਲਿਆਂਦਾ

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਰਾਹਤ ਕਾਰਜ ਜੰਗੀ ਪੱਧਰ ਉੱਤੇ ਜਾਰੀ

ਅੰਮ੍ਰਿਤਸਰ, 31 ਅਗਸਤ (ਕੰਵਲਜੀਤ ਸਿੰਘ ਲਾਡੀ, ਸਾਹਿਲ ਗੁਪਤਾ) : ਅੰਮ੍ਰਿਤਸਰ ਦੇ ਹੜਾਂ ਨਾਲ ਪ੍ਰਭਾਵਿਤ ਇਲਾਕੇ ਵਿੱਚ ਬਚਾਅ ਅਤੇ ਰਾਹਤ ਦੇ ਕਾਰਜ ਨਿਰੰਤਰ ਜਾਰੀ ਹਨ। ਹੁਣ ਤੱਕ ਬਚਾਅ ਲਈ ਕੰਮ ਕਰ ਰਹੀਆਂ ਵੱਖ ਵੱਖ ਟੀਮਾਂ ਨੇ 2500 ਤੋਂ ਵੱਧ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਤ ਸਥਾਨਾਂ ਉੱਤੇ ਪਹੁੰਚਾਇਆ ਹੈ। ਅੱਜ ਐਨਡੀਆਰਐਫ ਦੀ ਟੀਮ ਨੇ ਲਗਭਗ ਡੁੱਬਣ ਕਿਨਾਰੇ ਇੱਕ ਨੌਜਵਾਨ ਦੀ ਜਾਨ ਬਚਾਅ ਕੇ ਉਸਨੂੰ ਨਵੀਂ ਜ਼ਿੰਦਗੀ ਦਿੱਤੀ। 

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਜੋ ਕਿ ਰਾਹਤ ਕਾਰਜਾਂ ਦੀ ਖ਼ੁਦ ਅਗਵਾਈ ਕਰ ਰਹੇ ਹਨ, ਨੇ ਦੱਸਿਆ ਕਿ ਇਸ ਵੇਲੇ ਐਨ ਡੀ ਆਰ ਐਫ ਦੀਆਂ ਛੇ , ਫੌਜ ਦੀਆਂ 17 ਟੀਮਾਂ ਤੋਂ ਇਲਾਵਾ ਸਿਵਲ ਅਤੇ ਪੁਲਸ ਪ੍ਰਸ਼ਾਸਨ ਲੋਕਾਂ ਤੱਕ ਰਾਹਤ ਪਹੁੰਚਾਉਣ ਵਿੱਚ ਲੱਗਾ ਹੋਇਆ ਹੈ। ਉਹਨਾਂ ਦੱਸਿਆ ਕਿ ਸਾਡੀਆਂ ਟੀਮਾਂ ਨੇ ਹੁਣ ਤੱਕ 35000 ਫੂਡ ਪੈਕਟ ਜੋ ਕਿ ਬਣੇ ਹੋਏ ਖਾਣੇ ਨਾਲ ਸਨ ਅਤੇ 8500 ਪੈਕਟ ਸੁੱਕਾ ਰਾਸ਼ਨ ਲੋਕਾਂ ਤੱਕ ਪਹੁੰਚਾਇਆ ਹੈ। ਇਸ ਤੋਂ ਇਲਾਵਾ 10 ਟਨ ਸਾਈਲੇਜ ਅਤੇ 50 ਟਨ ਪਸ਼ੂਆਂ ਦੀ ਫੀਡ ਵੀ ਲੋੜਵੰਦਾਂ ਤੱਕ ਵੰਡੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੁੱਧ ਦੀ ਮੰਗ ਨੂੰ ਵੇਖਦੇ ਹੋਏ 5000 ਪੈਕਟ ਸੁੱਕਾ ਦੁੱਧ ਅਤੇ 3500 ਤੋਂ ਵੱਧ ਦੇਰ ਤੱਕ ਖਰਾਬ ਨਾ ਹੋਣ ਵਾਲਾ ਦੁੱਧ ਪੀੜਤ ਇਲਾਕੇ ਵਿੱਚ ਪਹੁੰਚਾਇਆ ਗਿਆ ਹੈ। 

  ‌ ਉਹਨਾਂ ਦੱਸਿਆ ਕਿ ਮੌਸਮ ਵਿਭਾਗ ਦੀਆਂ ਰਿਪੋਰਟਾਂ ਦੇ ਅਨੁਸਾਰ ਹੁਣ ਤੱਕ ਇਸ ਇਲਾਕੇ ਵਿੱਚ 611 ਮਿਲੀਮੀਟਰ ਮੀਂਹ ਪਿਆ ਹੈ ਜਦ ਕਿ ਪਿਛਲੇ 16 ਘੰਟਿਆਂ ਦੌਰਾਨ ਹੀ 35 ਐਮਐਮ ਤੋਂ ਵੱਧ ਬਰਸਾਤ ਦਰਜ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਵੀ ਦੀ ਮਾਰ ਹੇਠ 93 ਪਿੰਡ ਆਏ ਹਨ, ਜਿਨਾਂ ਵਿੱਚ ਅੰਦਾਜ਼ਨ 35000 ਦੇ ਕਰੀਬ ਆਬਾਦੀ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ 23000 ਹੈਕਟੇਅਰ ਰਕਬੇ ਵਿੱਚ ਫਸਲਾਂ ਬਰਬਾਦ ਹੋ ਗਈਆਂ ਹਨ ਅਤੇ 50 ਦੇ ਕਰੀਬ ਘਰ ਢਹਿ ਜਾਣ ਦੀ ਸੂਚਨਾ ਹੈ। 

    ਲਗਾਤਾਰ ਪੀੜਿਤ ਲੋਕਾਂ ਤੱਕ ਪਹੁੰਚ ਰਹੀਆਂ ਰਾਹਤ ਟੀਮਾਂ ਨੂੰ ਉਤਸ਼ਾਹਤ ਕਰਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਡੀਆਂ ਟੀਮਾਂ ਵੱਲੋਂ 24 ਘੰਟੇ ਡਿਊਟੀ ਦਿੱਤੀ ਜਾ ਰਹੀ ਹੈ, ਜਿਸ ਵਿੱਚ ਰਾਹਤ ਦੇ ਕੰਮ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਜਾਰੀ ਰਹਿੰਦੇ ਹਨ, ਜਦਕਿ ਬਚਾਓ ਕਾਰਜ ਨਿਰੰਤਰ ਚਾਲੂ ਹਨ। ਉਹਨਾਂ ਦੱਸਿਆ ਕਿ ਲੋੜਵੰਦਾਂ ਤੱਕ ਦਵਾਈਆਂ ਅਤੇ ਡਾਕਟਰਾਂ ਦੀ ਵੀ ਪਹੁੰਚ ਯਕੀਨੀ ਬਣਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਸੀਂ ਪੀੜਿਤ ਇਲਾਕੇ ਵਿੱਚ 16 ਥਾਵਾਂ ਉੱਤੇ ਰਾਹਤ ਕੈਂਪ ਬਣਾਏ ਹਨ, ਜਿੱਥੇ ਲੋਕਾਂ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਵੀ ਵਿਸ਼ੇਸ਼ ਸਥਾਨਾਂ ਉੱਤੇ ਕੈਂਪ ਚਲਾਏ ਜਾ ਰਹੇ ਹਨ। 

     ਅੱਜ ਦੀ ਇਸ ਮੁਹਿੰਮ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਸ ਮਨਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਵਧੀਕ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਐਸ ਡੀ ਐਮ ਸ੍ਰੀ ਰਵਿੰਦਰ ਸਿੰਘ, ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ ਸ੍ਰੀ ਖੁਸ਼ਦੀਪ ਸਿੰਘ, ਜਿਲਾ ਮਾਲ ਅਫਸਰ ਸ. ਨਵਕੀਰਤ ਸਿੰਘ, ਡੀਐਫਐਸਸੀ ਸ ਅਮਨਜੀਤ ਸਿੰਘ, ਸੈਕਟਰੀ ਰੈਡ ਕ੍ਰਾਸ ਸ੍ਰੀ ਸੈਮਸਨ ਮਸੀਹ, ਡੀਡੀਪੀਓ ਸ੍ਰੀ ਸੰਦੀਪ ਮਲਹੋਤਰਾ ਅਤੇ ਹੋਰ ਅਧਿਕਾਰੀ ਵੀ ਨਿਰੰਤਰ ਰਾਹਤ ਕਾਰਜਾਂ ਵਿੱਚ ਰੁੱਝੇ ਰਹੇ।

Related Articles

Leave a Reply

Your email address will not be published. Required fields are marked *

Back to top button