
ਜੰਡਿਆਲਾ ਗੁਰੂ 9 ਅਕਤੂਬਰ (ਕੰਵਲਜੀਤ ਸਿੰਘ ਲਾਡੀ) : ਸੈਂਟ ਸੋਲਜਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸਕੂਲ ਅਸੈਂਬਲੀ ਦੌਰਾਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ: ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਬੱਚਿਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੀ ਜੀਵਨੀ ਬਾਰੇ ਦੱਸਿਆ ਅਤੇ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਹਨਾਂ ਕਿਹਾ ਕਿ ਆਓ ਗੁਰੂ ਸਾਹਿਬਾਂ ਦੇ ਉਪਦੇਸ਼ਾਂ ਤੇ ਚਲਦਿਆਂ ਸੇਵਾ ਨਿਮਰਤਾ ਅਤੇ ਪ੍ਰੇਮ ਦੀ ਭਾਵਨਾ ਨੂੰ ਆਪਣੇ ਜੀਵਨ ਵਿੱਚ ਅਪਣਾਈਏ।ਉਪਰੰਤ ਸਕੂਲ ਦੇ ਗੁਰਦੁਆਰਾ ਸਾਹਿਬ ਵਿੱਚ ਸਭ ਬੱਚਿਆਂ ਅਤੇ ਸਮੂਹ ਸਟਾਫ ਨੇ ਰਲ ਮਿਲ ਕਰਕੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕੀਤੇ ਅਤੇ ਉਪਰੰਤ ਕੀਰਤਨ ਰੂਪ ਵਿੱਚ ਸ੍ਰੀ ਚੌਪਈ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਸਕੂਲ ਦੇ ਬੱਚਿਆਂ ਵੱਲੋਂ ਮਨੋਹਰ ਕੀਰਤਨ ਕੀਤਾ ਗਿਆ ਬੱਚਿਆਂ ਨੇ ਗੁਰੂ ਰਾਮਦਾਸ ਰਾਖਹੁ ਸ਼ਰਨਾਈ ਸ਼ਬਦ ਗਾ ਕੇ ਸਭ ਨੂੰ ਗੁਰਬਾਣੀ ਦੇ ਰੰਗ ਵਿੱਚ ਰੰਗ ਦਿੱਤਾ।
ਅਨੰਦ ਸਾਹਿਬ ਜੀ ਦੇ ਪਾਠ ਤੋਂ ਬਾਅਦ ਅਰਦਾਸ ਬੇਨਤੀ ਕੀਤੀ ਗਈ ਅਤੇ ਸਭ ਸਕੂਲ ਦੇ ਬੱਚਿਆਂ ਅਤੇ ਸਟਾਫ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਬੱਚਿਆਂ ਨੂੰ ਘਰੋਂ ਹੀ ਪੰਜ ਪੰਜ ਪ੍ਰਸ਼ਾਦੇ ਸ਼ਰਧਾ ਅਨੁਸਾਰ ਪਕਾ ਕੇ ਲਿਆਉਣ ਵਾਸਤੇ ਕਿਹਾ ਗਿਆ ਤਾਂ ਕਿ ਬੱਚਿਆਂ ਨੂੰ ਸੇਵਾ ਭਾਵਨਾ ਦੀ ਲਗਨ ਲੱਗ ਸਕੇ ਅਤੇ ਉਹਨਾਂ ਦੀ ਵੀ ਗੁਰੂ ਕੇ ਲੰਗਰ ਵਿੱਚ ਹਾਜਰੀ ਲੱਗੇ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਪ੍ਰੀਤ ਕੌਰ ਜੀ ਨੇ ਬੱਚਿਆਂ ਨੂੰ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਸਿਰਫ ਮਨਾਉਣ ਤੱਕ ਹੀ ਸੀਮਤ ਨਹੀਂ ਰਹਿਣਾ ਸਗੋਂ ਉਹਨਾਂ ਦੇ ਕਹੇ ਅਨੁਸਾਰ ਸੇਵਾ ਸਿਮਰਨ ਨਾਲ ਅਤੇ ਗੁਰਬਾਣੀ ਨਾਲ ਜੁੜਨਾ ਹੈ। ਉਹਨਾਂ ਕਿਹਾ ਕਿ ਅਗਰ ਤੁਸੀਂ ਗੁਰਬਾਣੀ ਦਾ ਪਾਠ ਕਰਕੇ ਸੱਚੀ ਮਨ ਨਾਲ ਅਰਦਾਸ ਕਰੋਗੇ ਤੋ ਤੁਹਾਡੇ ਸਾਰੇ ਕੰਮ ਸਫਲ ਹੋਣਗੇ।।ਅੰਤ ਸਭ ਨੇ ਗੁਰੂ ਕਾ ਲੰਗਰ ਅਤੁੱਟ ਛਕਿਆ ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਅਸੀਸਾਂ ਹਾਸਲ ਕੀਤੀਆ।