ताज़ा खबरपंजाबराजनीति

ਸੁਖਮਿੰਦਰ ਰਾਜਪਾਲ ਦੀ ਪ੍ਰਧਾਨਗੀ ਨੇ ਜਲੰਧਰ ਯੂਥ ਅਕਾਲੀ ਦਲ ਨੂੰ ਕੀਤਾ ਕਈ ਫਾੜ, ਹਿੰਦੂ ਵਰਕਰ ਨਾਰਾਜ਼ ??

ਸਰਬਜੀਤ ਮਕੱੜ ਤੋਂ ਦੂਰੀ ਤੇ ਸਿਰਸਾ – ਮਨੰਣ ਦੇ ਕਰੀਬੀ ਹੋਣ ਦਾ ਮਿਲਿਆ ਲਾਹਾ

ਜਲੰਧਰ, 15 ਅਕਤੂਬਰ (ਧਰਮਿੰਦਰ ਸੌਂਧੀ) : ਸ਼ਿਰੋਮਣੀ ਅਕਾਲੀ ਦਲ ਨੇ ਲੰਮੇਂ ਸਮੇਂ ਬਾਅਦ ਅੱਜ ਜਲੰਧਰ ਦੇ ਸ਼ਹਿਰੀ ਯੂਥ ਪ੍ਰਧਾਨ ਦਾ ਨਾਂ ਅਨਾਉਂਸ ਕੀਤਾ ਹੈ। ਇਸ ਅਹੁਦੇ ’ਤੇ ਪਾਰਟੀ ਹਾਈਕਮਾਨ ਵੱਲੋਂ ਜਲੰਧਰ ਤੋਂ ਯੂਥ ਆਗੂ ਸੁਖਮਿੰਦਰ ਰਾਜਪਾਲ ਨੂੰ ਦੂਜੀ ਵਾਰੀ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸਤੋਂ ਪਹਿਲਾਂ ਰਾਜਪਾਲ ਅਤੇ ਚਰਨਜੀਤ ਮਿੰਟਾ ਨੂੰ ਇਕੱਠੇ ਹੀ ਜਲੰਧਰ ਦੇ ਯੂਥ ਵਿੰਗ ਦੀ ਪ੍ਰਧਾਨਗੀ ਦਿੱਤੀ ਗਈ ਸੀ।

ਪਾਰਟੀ ਫੈਸਲਾ ਵਾਪਸ ਲਵੇ : ਯੂਥ ਆਗੂ

ਪਰ ਦੂਜੇ ਪਾਸੇ ਰਾਜਪਾਲ ਦੇ ਪ੍ਰਧਾਨ ਬਣਨ ਦੇ ਨਾਲ ਹੀ ਜਲੰਧਰ ਦਾ ਯੂਥ ਅਕਾਲੀ ਦਲ ਦੋ ਨਹੀਂ ਕਈ ਹਿੱਸਿਆਂ ਵਿੱਚ ਵੰਡਿਆ ਨਜ਼ਰ ਆਉਣ ਲੱਗਾ ਹੈ। ਕਈ ਸੀਨੀਅਰ ਯੂਥ ਆਗੂਆਂ ਨੇ ਸਿੱਧੇ ਅਤੇ ਅਸਿੱਧੇ ਤੌਰ ਉੱਤੇ ਰਾਜਪਾਲ ਦੇ ਪ੍ਰਧਾਨ ਬਣਨ ’ਤੇ ਹੈਰਾਨੀ ਅਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇਕ ਆਗੂ ਨੇ ਤਾਂ ਸਾਫ ਕਿਹਾ ਹੈ ਕਿ ਪਾਰਟੀ ਹਾਈਕਮਾਨ ਦਾ ਇਹ ਫੈਸਲਾ ਸਹੀ ਨਹੀਂ ਹੈ ਅਤੇ ਇਸਨੂੰ ਵਾਪਿਸ ਲੈਣਾ ਚਾਹਿਦਾ ਹੈ ਵਰਨਾ ਪਾਰਟੀ ਨੂੰ ਨੁਕਸਾਨ ਪੁੱਜੇਗਾ।

ਮਕੱੜ ਤੋਂ ਦੂਰੀ ਨੇ ਦਿੱਤਾ ਫਾਇਦਾ ?

ਉੱਥੇ ਹੀ ਦੂਜੇ ਪਾਸੇ ਜੇਕਰ ਸੁਖਮਿੰਦਰ ਰਾਜਪਾਲ ਦੀ ਗੱਲ ਕਰੀਏ ਤਾਂ ਰਾਜਪਾਲ ਨੂੰ ਕਿਸੇ ਸਮੇਂ ਸਾਬਕਾ ਐਮਐਲਏ ਰਹੇ ਸਰਬਦੀਤ ਸਿੰਘ ਮਕੱੜ ਦੇ ਬੇਹਦ ਕਰੀਬੀਆਂ ਵਿੱਚੋਂ ਜਾਣਿਆ ਜਾਂਦਾ ਸੀ। ਪਰ ਬੀਤੇ ਕੁਝ ਮਹੀਨਿਆਂ ਤੋਂ ਰਾਜਪਾਲ ਲਗਾਤਾਰ ਮਕੱੜ ਤੋਂ ਦੂਰ ਹੁੰਦਾ ਦਿਖਾਈ ਦਿੱਤਾ ਸੀ। ਜਿਸਦੀ ਚਰਚਾ ਅਕਾਲੀ ਹਲਕਿਆਂ ਵਿੱਚ ਆਮ ਸੀ ਕਿ ਮਕੱੜ ਦੀ ਪਾਰਟੀ ਹਾਈਕਮਾਨ ਨੇ ਜਦੋਂ ਤੋ ਜਲੰਧਰ ਕੈਂਟ ਹਲਕੇ ਤੋਂ ਟਿਕਟ ਕੱਟੀ ਹੈ ਉਦੋਂ ਤੋਂ ਹੀ ਰਾਜਪਾਲ ਨੇ ਵੀ ਮਕੱੜ ਤੋਂ ਕਿਨਾਰਾ ਕਰਕੇ ਪਾਰਟੀ ਦੇ ਜ਼ਿਲਾ ਪ੍ਰਧਾਨ ਕੁਲਵੰਤ ਮਨੰਣ ਨਾਲ ਨੇੜਤਾ ਵਧਾ ਲਈ ਹੈ। ਇਸ ਤੋਂ ਅਲਾਵਾ ਰਾਜਪਾਲ ਨੂੰ ਦਿੱਲੀ ਤੋਂ ਪਾਰਟੀ ਦੇ ਆਗੂ ਮਨਜਿੰਦਰ ਸਿਰਸਾ ਦੇ ਕਰੀਬੀ ਹੋਣ ਦਾ ਵੀ ਕਾਫੀ ਫਾਇਦਾ ਮਿਲਿਆ ਹੈ।

ਹਿੰਦੂ ਭਾਈਚਾਰੇ ਵਿੱਚ ਗੁੱਸਾ

ਸੁਖਮਿੰਦਰ ਰਾਜਪਾਲ ਦੇ ਜਲੰਧਰ ਸ਼ਹਿਰੀ ਯੂਥ ਪ੍ਰਧਾਨ ਬਣਨ ’ਤੇ ਜਿੱਥੇ ਉਨਾਂ ਦੇ ਸਾਥੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਹਿੰਦੂ ਭਾਈਚਾਰਾ ਪਾਰਟੀ ਹਾਈਕਮਾਨ ਦੇ ਇਸ ਫੈਸਲੇ ਤੋਂ ਬਿਲਕੁਲ ਨਾਖੁਸ਼ ਦਿਖਾਈ ਦੇ ਰਿਹਾ ਹੈ। ਪਾਰਟੀ ਦੇ ਇਕ ਹਿੰਦੂ ਚੇਹਰੇ ਨੇ ਕਿਹਾ ਕਿ ਜਦੋਂ ਤੋ ਅਕਾਲੀ ਦਲ ਦਾ ਭਾਜਪਾ ਤੋਂ ਤੋੜ ਵਿਛੋੜਾ ਹੋਇਆ ਸੀ ਤਾਂ ਇਹ ਆਸ ਸੀ ਕਿ ਪਾਰਟੀ ਜਲੰਧਰ ਸ਼ਹਿਰੀ ਲਈ ਹਿੰਦੂ ਚੇਹਰੇ ਨੂੰ ਅੱਗੇ ਲਿਆਵੇਗੀ ਪਰ ਪਾਰਟੀ ਨੇ ਹਿੰਦੂਆਂ ਨੂੰ ਅਣਗੋਲਿਆਂ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਇਹ ਪਾਰਟੀ ਹਿੰਦੂਆਂ ਲਈ ਸਹੀ ਨਹੀਂ ਹੈ। ਉਕਤ ਹਿੰਦੂ ਆਗੂ ਨੇ ਕਿਹਾ ਕਿ ਜੇਕਰ ਪਾਰਟੀ ਨੇ ਰਾਜਪਾਲ ਦੀ ਥਾਂ ਕਿਸੇ ਹਿੰਦੂ ਚੇਹਰੇ ਨੂੰ ਮੌਕਾ ਨਾ ਦਿੱਤਾ ਤਾਂ ਇਹ ਸਹੀ ਨਹੀਂ ਹੋਵੇਗਾ।

Related Articles

Leave a Reply

Your email address will not be published. Required fields are marked *

Back to top button