ਸਿੱਖਸ ਆਫ਼ ਅਮੈਰਿਕਾ ਦੇ ਡਾ. ਜਸਦੀਪ ਸਿੰਘ ਜੱਸੀ’ ਅਤੇ ਡਾ. ਸਾਜਿਦ ਤਰਾਰ ਨੂੰ UAE ‘ਚ ਮਿਲਿਆ ਸ਼ਾਹੀ ਸਨਮਾਨ

ਵਾਸ਼ਿੰਗਟਨ, 21 ਫਰਵਰੀ (ਗੌਰਵ ਮੜੀਆ) – ਸਿੱਖਸ ਆਫ਼ ਅਮੈਰਿਕਾ ਦੇ ਚੇਅਰਮੈਨ ਡਾ. ਜਸਦੀਪ ਸਿੰਘ ਜੱਸੀ ਅਤੇ ਮੁਸਲਿਮ ਆਫ਼ ਅਮੈਰਿਕਾ ਦੇ ਚੇਅਰਮੈਨ ਡਾ. ਸਾਜਿਦ ਤਰਾਰ ਇਨੀਂ ਦਿਨੀ ਯੂ.ਏ.ਈ. ਦੇ ਦੌਰੇ ’ਤੇ ਹਨ ਤੇ ਇਸ ਦੌਰਾਨ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵੱਡਾ ਮਾਣ ਮਿਲਿਆ ਜਿਸ ਕਾਰਨ ਅਮਰੀਕਾ ਦੇ ਏਸ਼ੀਅਨ ਭਾਈਚਾਰੇ ’ਚ ਖੁਸ਼ੀ ਦੀ ਲਹਿਰ ਹੈ| ਦੋਵਾਂ ਆਗੂਆਂ ਨੂੰ ਸ਼ਾਹੀ ਪਰਿਵਾਰ ਦੇ ਸ਼ੇਖ ਅਵਾਦ ਮੁਹੰਮਦ ਬਿਨ ਅਲ ਸ਼ੇਖ ਮਰਗਨ ਤੇ ਡਾ. ਬੂ ਅਬਦੁੱਲਾ ਵਲੋਂ ਸੱਦਾ ਪੱਤਰ ਦਿੱਤਾ ਗਿਆ ਅਤੇ ਮਨੁੱਖਤਾ ਦੀ ਭਲਾਈ ਲਈ ਵਿਚਾਰ ਵਟਾਂਦਰਾ ਕੀਤਾ ਗਿਆ|
ਇਸ ਦੌਰਾਨ ਡਾ. ਜਸਦੀਪ ਸਿੰਘ ਜੱਸੀ ਅਤੇ ਡਾ. ਸਾਜਿਦ ਤਰਾਰ ਨੂੰ ਅਮਰੀਕਾ ’ਚ ਇੰਟਲੈਕਚੂਅਲ ਡਿਸਏਬਿਲਿਟੀ ਇੰਸਟੀਚਿਊਟ ਚਲਾਉਣ ਬਦਲੇ ਮਾਣ ਸਨਮਾਨ ਦਿੱਤਾ ਗਿਆ| ਇਸ ਮੌਕੇ ਸ਼ਾਹੀ ਪਰਿਵਾਰ ਦੇ ਸ਼ੇਖ ਅਵਾਦ ਮੁਹੰਮਦ ਬਿਨ ਅਲ ਸ਼ੇਖ ਮਰਗਨ ਤੇ ਡਾ. ਬੂ ਅਬਦੁੱਲਾ ਵਲੋਂ ਡਾ. ਜਸਦੀਪ ਸਿੰਘ ਜੱਸੀ ਅਤੇ ਡਾ. ਸਾਜਿਦ ਤਰਾਰ ਨੂੰ ਅਮਰੀਕਾ ਵਿਚ ਵੀ ਅਜਿਹਾ ਹੀ ਇੰਸਟੀਚਿਊਟ ਖੋਲ•ਣ ਲਈ ਸੁਝਾਅ ਦਿੱਤਾ ਗਿਆ ਅਤੇ ਸਹਿਯੋਗ ਦਾ ਵਾਅਦਾ ਕੀਤਾ ਗਿਆ| ਉਹਨਾਂ ਕਿਹਾ ਕਿ ਦੁਨੀਆਂ ਉੱਤੇ ਸ਼ਾਂਤੀ ਦੇ ਪਸਾਰੇ ਲਈ ਮਨੁੱਖਤਾ ਦੀ ਭਲਾਈ ਲਈ ਕਾਰਜ ਅੱਤ ਜ਼ਰੂਰੀ ਹਨ ਜੋ ਕਿ ਹਮੇਸ਼ਾ ਚੱਲਦੇ ਰਹਿਣੇ ਚਾਹੀਦੇ ਹਨ|

ਇਸ ਸਨਮਾਨ ਉਪਰੰਤ ਡਾ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਯੂ.ਏ.ਈ. ਉਹ ਦੇਸ਼ ਹੈ ਜਿੱਥੋਂ ਕਰੋੜਾਂ ਭਾਰਤੀਆਂ ਨੇ ਗਰਮ ਮੌਸਮ ਦੀ ਪਰਵਾਹ ਨਾ ਕਰਦਿਆਂ ਸਖ਼ਤ ਮਿਹਨਤ ਨਾਲ ਆਪਣੇ ਪਰਿਵਾਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਿਆ ਅਤੇ ਤਰੱਕੀਆਂ ਕੀਤੀਆਂ| ਇਸ ਲਈ ਇਸ ਦੇਸ਼ ਵਿਚ ਸਨਮਾਨਿਤ ਹੋ ਕੇ ਬਹੁਤ ਮਾਣ ਮਹਿਸੂਸ ਹੋਇਆ ਹੈ ਅਤੇ ਉਹ ਸ਼ਾਹੀ ਪਰਿਵਾਰ ਵਲੋਂ ਦਿੱਤੇ ਹੋਏ ਸੁਝਾਅ ਉੱਤੇ ਵੀ ਵਿਚਾਰ ਕਰਨਗੇ|













