
ਜੰਡਿਆਲਾ ਗੁਰੂ, 26 ਜੁਲਾਈ (ਕੰਵਲਜੀਤ ਸਿੰਘ ਲਾਡੀ) : ਭਾਰਤੀ ਜਨਤਾ ਪਾਰਟੀ ਐਸ. ਸੀ. ਮੋਰਚਾ ਪੰਜਾਬ ਦੇ ਜਨਰਲ ਸਕੱਤਰ ਹਰਦੀਪ ਸਿੰਘ ਗਿੱਲ ਵੱਲੋਂ ਕੁਲਬੀਰ ਸਿੰਘ ਆਸ਼ੂ ਅੰਬਾ ਨੂੰ ਲੀਗਲ ਨੋਟਿਸ ਜਾਰੀ ਕੀਤਾ ਗਿਆ ਹੈ। ਆਸ਼ੂ ਅੰਬਾ ਵੱਲੋਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਹਰਦੀਪ ਸਿੰਘ ਦੀ ਫੇਸਬੁੱਕ ਤੋਂ ਫੋਟੋ ਚੁੱਕ ਕੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਦੇਵੀਦਾਸਪੁਰਾ ਦੇ ਸਰਵਣ ਸਿੰਘ ਮੱਟੂ ਨਾਂ ਦੇ ਵਿਅਕਤੀ ਨਾਲ ਹਰਦੀਪ ਸਿੰਘ ਦੀ ਫੋਟੋ ਜੋੜ ਕੇ ਇੱਕ ਵਿਵਾਦਤ ਪੋਸਟ ਬਣਾਈ ਗਈ ਸੀ। 5 ਮਾਰਚ 2025 ਨੂੰ ਸਰਵਣ ਸਿੰਘ ਮੱਟੂ ਦੇ ਲੜਕੇ ਉਪਰ ਪਰਚਾ ਦਰਜ ਹੋਣ ਦਾ ਜ਼ਿਕਰ ਕੀਤਾ ਗਿਆ ਹੈ।
ਜਦ ਕਿ ਸਰਵਣ ਸਿੰਘ ਮੱਟੂ ਜਿਸ ਨਾਲ ਹਰਦੀਪ ਸਿੰਘ ਗਿੱਲ ਦੀ ਫੋਟੋ ਸ਼ੇਅਰ ਕੀਤੀ ਗਈ, ਉਸ ਉੱਪਰ ਅੱਜ ਤੱਕ ਕੋਈ ਵੀ ਐਫ.ਆਈ.ਆਰ ਦਰਜ ਨਹੀਂ ਹੈ। ਹਰਦੀਪ ਸਿੰਘ ਗਿੱਲ ਵੱਲੋਂ ਭੇਜੇ ਕਾਨੂੰਨੀ ਨੋਟਿਸ ਵਿੱਚ 72 ਘੰਟਿਆਂ ਵਿੱਚ ਮੁਆਫੀ ਮੰਗਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਉਹ ਅਗਲੀ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕਰਨਗੇ। ਕੀ ਹੈ ਅਸਲ ਮਾਮਲਾ : 23 ਜੁਲਾਈ ਨੂੰ ਭਾਜਪਾ ਦੀਆਂ ਜਥੇਬੰਦਕ ਚੋਣਾਂ ਲਈ ਅਬਜਰਵਰ ਤੇ ਰਿਟਰਨਿੰਗ ਅਫਸਰ ਜੰਡਿਆਲਾ ਗੁਰੂ ਵਿਖੇ ਇੱਕ ਨਿੱਜੀ ਹੋਟਲ ਵਿੱਚ ਆਏ ਸਨ, ਜਿਸ ਦੌਰਾਨ ਜਿਲਾ ਪ੍ਰਧਾਨਗੀ ਲਈ ਚਾਹਵਾਨਾਂ ਵੱਲੋਂ ਆਪਣੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ।
ਸੂਤਰਾਂ ਅਨੁਸਾਰ ਹਰਦੀਪ ਸਿੰਘ ਗਿੱਲ ਤੇ ਕੁਲਬੀਰ ਸਿੰਘ ਆਸ਼ੂ ਅੰਬਾ ਦੋਵਾਂ ਤੋਂ ਇਲਾਵਾ ਕੁਝ ਹੋਰ ਵਿਅਕਤੀ ਵੀ ਪ੍ਰਧਾਨਗੀ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਇਸ ਤੋਂ ਠੀਕ ਅਗਲੇ ਦਿਨ ਆਸ਼ੂ ਅੰਬਾ ਵੱਲੋਂ ਚਾਰ ਮਹੀਨੇ ਪੁਰਾਣੇ ਇੱਕ ਕੇਸ ਦੀ ਪੋਸਟ ਤਿਆਰ ਕਰਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਹੈ ਤਾਂ ਕਿ ਆਪਣੇ ਸਿਆਸੀ ਵਿਰੋਧੀ ਹਰਦੀਪ ਸਿੰਘ ਗਿੱਲ ਨੂੰ ਪ੍ਰਧਾਨਗੀ ਦੀ ਦੌੜ ਵਿੱਚੋਂ ਬਾਹਰ ਕੀਤਾ ਜਾ ਸਕੇ।