ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ ਦਾ ਕੀਤਾ ਦੌਰਾ-ਲੋਕਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ

ਅੰਮ੍ਰਿਤਸਰ, 24 ਅਗਸਤ, (ਸਾਹਿਲ ਗੁਪਤਾ/ ਕੰਵਲਜੀਤ ਸਿੰਘ ਲਾਡੀ) : ਅੱਜ ਵਿਧਾਨ ਸਭਾ ਹਲਕਾ ਦੇ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ ਜੇ ਨੇੜਲੇ ਇਲਾਕੇ ਦਾ ਦੌਰਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਪਿੱਛੋਂ ਪਾਣੀ ਛੱਡਿਆ ਗਿਆ ਹੈ ਜੋ ਕਿ ਅੱਜ ਰਾਤ ਤੱਕ ਅਜਨਾਲਾ ਰਾਵੀ ਦਰਿਆ ਵਿਖੇ ਪਹੁੰਚ ਜਾਵੇਗਾ, ਇਸ ਲਈ ਉਹ ਸੁਚੇਤ ਰਹਿਣ ਅਤੇ ਦਰਿਆ ਪਾਰ ਬਿਲਕੁਲ ਨਾ ਜਾਣ।
ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਹਲਕੇ ਦੇ ਘੋਨੇਵਾਲ ਦਾ ਦੌਰਾ ਕਰਦੇ ਹੋਏ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੱਛੋਂ ਲਗਭਗ 3 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਜੋ ਕਿ ਅੱਜ ਰਾਤ ਇੱਥੇ ਪਹੁੰਚ ਜਾਵੇਗਾ। ਉਹਨਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਪ੍ਰੰਤੂ ਜਿਆਦਾ ਪਾਣੀ ਆਉਣ ਕਰਕੇ ਹੜ੍ਹਾਂ ਦੀ ਸਥਿਤੀ ਪੈਦਾ ਹੋ ਸਕਦੀ ਹੈ।ਉਹਨਾਂ ਕਿਹਾ ਕਿ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦਰਿਆ ਪਾਰ ਖੇਤਾਂ ਵਿੱਚ ਨਾ ਜਾਣ ਅਤੇ ਸੁਰਖਿਤ ਥਾਵਾਂ ਉੱਤੇ ਚਲੇ ਜਾਣ ਤਾਂ ਜੋ ਜਾਨ ਮਾਲ ਦੀ ਰਾਖੀ ਹੋ ਸਕੇ ।
ਸ. ਧਾਲੀਵਾਲ ਨੇ ਰਮਦਾਸ ਦੇ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਵਿਖੇ ਅਰਦਾਸ ਕੀਤੀ। ਉਹਨਾਂ ਕਿਹਾ ਕਿ ਅੱਜ ਦਾ ਦਿਨ ਵੈਸੇ ਵੀ ਬਹੁਤ ਪਵਿੱਤਰ ਹੈ, ਕਿਉਂਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ। ਉਹਨਾਂ ਕਿਹਾ ਕਿ ਮੈਂ ਬਾਬਾ ਬੁੱਢਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਇਆ ਹਾਂ ਅਤੇ ਦੇਗ ਕਰਵਾ ਕੇ ਆਇਆ ਹਾਂ ਕਿ, “ਹੇ ਬਾਬਾ ਬੁੱਢਾ ਜੀ, ਕਿਰਪਾ ਕਰਿਓ! ਕਿਸੇ ਵੀ ਕਿਸਾਨ, ਮਜ਼ਦੂਰ ਜਾਂ ਕਿਸੇ ਵੀ ਵਿਅਕਤੀ ਦਾ ਜਾਨ-ਮਾਲ ਦਾ ਨੁਕਸਾਨ ਨਾ ਹੋਵੇ। ਇਸ ਮੌਕੇ ਉਹਨਾਂ ਨਾਲ ਐਸਡੀਐਮ ਸ੍ਰੀ ਰਵਿੰਦਰ ਸਿੰਘ, ਡੀਐਸਪੀ ਅਜਨਾਲਾ ਤੇ ਹੋਰ ਅਧਿਕਾਰੀ ਵੀ ਨਾਲ ਸਨ।