London Newsताज़ा खबरपंजाब

ਮੋਹਲੇਧਾਰ ਮੀਂਹ ਕਾਰਨ ਰਈਆ ਨੇੜੇ ਸਭਰਾਵਾਂ ਬਰਾਂਚ ਨਹਿਰ ਦਾ ਪਾਣੀ ਉਛਲ ਕੇ ਖੇਤਾਂ ਵਿੱਚ ਪੁੱਜਾ

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਮੌਕੇ ਉੱਤੇ ਪਹੁੰਚ ਕੇ ਕੀਤੀ ਪ੍ਰਬੰਧਾਂ ਦੀ ਅਗਵਾਈ 

ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਹੋਵੇਗੀ ਕਾਰਵਾਈ

ਜੰਡਿਆਲਾ ਗੁਰੂ, 14 ਅਗਸਤ (ਕੰਵਲਜੀਤ ਸਿੰਘ ਲਾਡੀ) : ਬੀਤੀ ਰਾਤ ਤੋਂ ਅੰਮ੍ਰਿਤਸਰ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਵਿੱਚ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਰਈਆ ਨੇੜੇ ਸਭਰਾਵਾਂ ਬਰਾਂਚ ਨਹਿਰ ਦਾ ਪਾਣੀ ਉਛਲ ਕੇ ਸੜਕ ਨੂੰ ਪਾਰ ਕਰਕੇ ਖੇਤਾਂ ਵਿੱਚ ਪਹੁੰਚ ਗਿਆ । ਅੱਜ ਸਵੇਰੇ ਜਿਉਂ ਹੀ ਇਸ ਦੀ ਸੂਚਨਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪ੍ਰਾਪਤ ਹੋਈ ਤਾਂ ਇਸ ਨਹਿਰ ਨੂੰ ਹੋਰ ਟੁੱਟਣ ਤੋਂ ਬਚਾਉਣ ਦੇ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਖ਼ੁਦ ਮੌਕੇ ਉੱਤੇ ਪਹੁੰਚ ਕੇ ਇਹਨਾਂ ਪ੍ਰਬੰਧਾਂ ਦੀ ਅਗਵਾਈ ਕੀਤੀ ।

ਉਹਨਾਂ ਨੇ ਇਸ ਮੌਕੇ ਦੱਸਿਆ ਕਿ ਬਰਸਾਤ ਹੋਣ ਕਾਰਨ ਇੱਕ ਤਾਂ ਨਹਿਰ ਵਿੱਚ ਪਾਣੀ ਵੱਧ ਗਿਆ ਅਤੇ ਦੂਸਰਾ ਕਿਸਾਨਾਂ ਨੇ ਖੇਤਾਂ ਦੀ ਸਿੰਚਾਈ ਲਈ ਪਾਣੀ ਦੀ ਲੋੜ ਨਾ ਸਮਝਦੇ ਹੋਏ ਮੋਘੇ ਬੰਦ ਕਰ ਦਿੱਤੇ, ਜਿਸ ਕਾਰਨ ਨਹਿਰ ਦਾ ਪਾਣੀ ਉਛਲ ਕੇ ਰਈਆ ਤੋਂ ਨਾਥ ਦੀ ਖੂਹੀ ਨੂੰ ਜਾਂਦੀ ਸੜਕ ਪਾਰ ਕਰਕੇ ਖੇਤਾਂ ਵਿੱਚ ਪਹੁੰਚ ਗਿਆ । ਉਹਨਾਂ ਦੱਸਿਆ ਕਿ ਅਸੀਂ ਇਸ ਨਹਿਰ ਵਿਚ ਪਾਣੀ ਦੀ ਸਪਲਾਈ ਪਿੱਛੋਂ ਬੰਦ ਕਰਵਾ ਦਿੱਤੀ ਹੈ, ਜਿਸ ਕਾਰਨ ਕੁਝ ਹੀ ਘੰਟਿਆਂ ਵਿੱਚ ਇਹ ਪਾਣੀ ਆਮ ਵਾਂਗ ਹੋ ਜਾਵੇਗਾ। ਉਹਨਾਂ ਕਿਹਾ ਕਿ ਇਹ ਪਾਣੀ ਸੜਕ ਦੇ ਨਾਲ ਲੱਗਦੇ ਖੇਤਾਂ ਵਿੱਚ ਪਹੁੰਚਿਆ ਹੈ ਪਰ ਪਿੱਛੋਂ ਪਾਣੀ ਬੰਦ ਕਰ ਦਿੱਤੇ ਜਾਣ ਕਾਰਨ ਇਸ ਦਾ ਲੋਕਾਂ ਦੇ ਘਰਾਂ ਤੱਕ ਪਹੁੰਚਣ ਦਾ ਕੋਈ ਖ਼ਤਰਾ ਨਹੀਂ ਰਿਹਾ।

ਉਹਨਾਂ ਨੇ ਦੱਸਿਆ ਕਿ ਇਸ ਓਵਰ ਫਲੋਅ ਨੂੰ ਬੰਦ ਕਰਨ ਦਾ ਕੰਮ ਜੰਗੀ ਪੱਧਰ ਉੱਤੇ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਪਾਣੀ ਉੱਤੇ ਕਾਬੂ ਪਾ ਲਿਆ ਜਾਵੇਗਾ। ਪੱਤਰਕਾਰਾਂ ਵੱਲੋਂ ਇਸ ਮੌਕੇ ਕਿਸੇ ਵਿਭਾਗ ਦੀ ਅਣਗਹਿਲੀ ਬਾਰੇ ਪੁੱਛੇ ਜਾਣ ਉੱਤੇ ਉਹਨਾਂ ਨੇ ਕਿਹਾ ਕਿ ਪਹਿਲੀ ਨਜ਼ਰ ਵਿੱਚ ਇਹ ਤੇਜ ਬਰਸਾਤ ਕਾਰਨ ਹੋਇਆ ਓਵਰਫਲੋ ਮਹਿਸੂਸ ਹੁੰਦਾ ਹੈ, ਪਰ ਫਿਰ ਵੀ ਜੇਕਰ ਜਾਂਚ ਦੌਰਾਨ ਕਿਸੇ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਅਸੀਂ ਹਾਲਾਤਾਂ ਉੱਤੇ ਬਰਾਬਰ ਨਜ਼ਰ ਰੱਖ ਰਹੇ ਹਾਂ ਹਾਂ ਅਤੇ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ।

ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੀਆਂ ਡਰੇਨਾਂ ਦੇ ਪਾਣੀ ਦਾ ਵਹਾਅ ਬਣਾਈ ਰੱਖਣ ਲਈ ਅਜਿਹੇ ਸਥਾਨ ਜਿੱਥੇ ਬੂਟੀ ਰੁਕਣ ਕਾਰਨ ਡਾਫ ਲੱਗਦੀ ਹੈ, ਵਿਖੇ ਜੇਸੀਬੀ ਅਤੇ ਪੋਰਕ ਲੇਨ ਮਸ਼ੀਨਾਂ ਲਗਾਈਆਂ ਹਨ ਤਾਂ ਜੋ ਬੂਟੀ ਰੁਕਣ ਕਾਰਨ ਪਾਣੀ ਨੂੰ ਡਾਫ ਨਾ ਲੱਗੇ ਅਤੇ ਪਾਣੀ ਦਾ ਵਹਾਅ ਨਿਰੰਤਰ ਚੱਲਦਾ ਰਹੇ। ਇਸ ਮੌਕੇ ਉਹਨਾਂ ਨਾਲ ਜ਼ਿਲਾ ਪੁਲਿਸ ਮੁਖੀ ਸ ਮਨਿੰਦਰ ਸਿੰਘ , ਐਸਡੀਐਮ ਸ ਅਮਨਪ੍ਰੀਤ ਸਿੰਘ, ਡੀਐਸਪੀ ਸ੍ਰੀ ਧਰਮਿੰਦਰ ਕਲਿਆਣ, ਜਿਲਾ ਮਾਲ ਅਫਸਰ ਸ ਨਵੀਕੀਰਤ ਸਿੰਘ , ਜਿਲਾ ਡੀਡੀਪੀਓ ਸ੍ਰੀ ਸੰਦੀਪ ਮਲਹੋਤਰਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button