ताज़ा खबरपंजाब

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵਲੋਂ ਪਿੰਡ ਸੀਚੇਵਾਲ ਦਾ ਦੌਰਾ

ਗੜ੍ਹਸ਼ੰਕਰ ਹਲਕੇ ਦੇ ਸਾਰੇ ਪਿੰਡਾਂ ਵਿੱਚ ਲਾਗੂ ਕੀਤਾ ਜਾਵੇਗਾ ‘ਸੀਚੇਵਾਲ ਮਾਡਲ’ – ਰੋੜੀ

ਕਿਹਾ – ਸੰਤ ਸੀਚੇਵਾਲ ਨੇ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ “ਠੇਕਾ” ਹੀ ਤਾਂ ਲਿਆ ਹੋਇਆ ਹੈ

ਜਲੰਧਰ, 30 ਮਾਰਚ (ਹਰਜਿੰਦਰ ਸਿੰਘ) : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਗੜ੍ਹਸ਼ੰਕਰ ਦੇ ਸਾਰੇ ਹੀ ਪਿੰਡਾਂ ਵਿੱਚ ‘ਸੀਚੇਵਾਲ ਮਾਡਲ’ ਤਹਿਤ ਗੰਦੇ ਪਾਣੀਆਂ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇਗਾ। ਉਹ ਅੱਜ ਨਿਰਮਲ ਕੁਟੀਆ ਸੀਚੇਵਾਲ ਵਿੱਚ ਨਤਮਸਤਕ ਹੋਣ ਤੋਂ ਬਾਅਦ ਸੀਚੇਵਾਲ ਮਾਡਲ ਅਤੇ ਨਰਸਰੀਆਂ ਦੇਖਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।  

ਡਿਪਟੀ ਸਪੀਕਰ ਨੇ ਕਿਹਾ ਕਿ ਗੜ੍ਹਸ਼ੰਕਰ ਦੇ 178 ਪਿੰਡਾਂ ਦੀਆਂ ਪੰਚਾਇਤਾਂ ਨੂੰ ਸੀਚੇਵਾਲ ਤੇ ਸੁਲਤਾਨਪੁਰ ਲੋਧੀ ਲੈਕੇ ਆਉਣਗੇ, ਤਾਂ ਜੋ ‘ਸੀਚੇਵਾਲ ਮਾਡਲ’ ਦਾ ਅਧਿਐਨ ਕਰ ਸਕਣ। ਜੈ ਕ੍ਰਿਸ਼ਨ ਸਿੰਘ ਰੋੜੀ ਨੇ ਸੀਚੇਵਾਲ ਮਾਡਲ ਨੂੰ ਪੰਜਾਬ ਦਾ ਬੇਹਤਰੀਨ ਮਾਡਲ ਦੱਸਦਿਆ ਕਿਹਾ ਕਿ ਜਿਸ ਮਾਡਲ ਨੂੰ ਦੇਸ਼ ਦੀ ਕੌਮੀ ਨਦੀ ਗੰਗਾ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਰਤੇ ਜਾਣ ਦੀ ਸਿਫਾਰਸ਼ ਕੀਤੀ ਹੋਵੇ, ਉਹ ਮਾਡਲ ਭਲਾ ਕਿਵੇਂ ਫੇਲ੍ਹ ਹੋ ਸਕਦਾ ਹੈ.? ਉਨ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੀਚੇਵਾਲ ਮਾਡਲ ਨੂੰ ਫੇਲ੍ਹ ਕਹਿਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸੀਚੇਵਾਲ ਮਾਡਲ ਤਹਿਤ ਸੋਧਿਆ ਪਾਣੀ ਖੇਤੀ ਨੂੰ ਲੱਗਦਾ ਕਰਨਾ ਆਪਣੇ ਆਪ ਵਿਚ ਵੱਡਾ ਕੰਮ ਹੈ। ਇਸ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ।

ਪੰਜਾਬ ਵਿਧਾਨ ਸਭਾ ਵਿੱਚ ਸੀਚੇਵਾਲ ਮਾਡਲ ਨੂੰ ਕਾਂਗਰਸੀ ਆਗੂ ਵੱਲੋਂ ਫੇਲ੍ਹ ਕਹਿਣ ਤੋਂ ਬਾਅਦ ਡਿਪਟੀ ਸਪੀਕਰ ਅਜਿਹੇ ਪਹਿਲੇ ਆਗੂ ਹਨ, ਜਿਨ੍ਹਾਂ ਨੇ ਨਾ ਸਿਰਫ ਸੀਚੇਵਾਲ ਆ ਕੇ ਇਸ ਮਾਡਲ ਦਾ ਅਧਿਐਨ ਕੀਤਾ, ਸਗੋਂ ਆਪਣੇ ਹਲਕੇ ਦੇ ਸਾਰੇ 178 ਪਿੰਡਾਂ ਵਿੱਚ ਸੀਚੇਵਾਲ ਮਾਡਲ ਅਪਣਾਉਣ ਦਾ ਐਲਾਨ ਵੀ ਕੀਤਾ ਹੈ। 

ਬਾਜਵਾ ਵੱਲੋਂ ਸੰਤ ਸੀਚੇਵਾਲ ਨੂੰ ਠੇਕੇਦਾਰ ਕਹਿਣ ‘ਤੇ ਤਿੱਖਾ ਕਟਾਕਸ਼ ਕੱਸਦਿਆ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਸੱਚਮੁਚ ਹੀ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਠੇਕਾ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਗੰਦ ਪਾਕੇ ਕਾਂਗਰਸ ਸਰਕਾਰਾਂ ਨੇ ਬੁੱਢਾ ਦਰਿਆ ਪਲੀਤ ਕੀਤਾ ਹੋਇਆ ਸੀ, ਉਸ ਨੂੰ ਸਾਫ ਕਰਨ ਦਾ ਸੰਤ ਸੀਚੇਵਾਲ ਨੇ ਠੇਕਾ ਲਿਆ ਹੋਇਆ ਹੈ।

ਡਿਪਟੀ ਸਪੀਕਰ ਨੇ ਕਿਹਾ ਕਿ ਬਾਜਵਾ ਨੇ ਜਿਸ ਨੀਅਤ ਨਾਲ ਸੰਤ ਸੀਚੇਵਾਲ ਨੂੰ ਠੇਕੇਦਾਰ ਕਹਿ ਕੇ ਸੰਬੋਧਨ ਕੀਤਾ, ਉਸ ਦਾ ਪੰਜਾਬ ਦੇ ਲੋਕਾਂ ਨੇ ਬੁਰਾ ਮਨਾਇਆ ਹੈ ਤੇ ਲੋਕਾਂ ਦੇ ਮਨਾਂ ਵਿਚ ਇਹ ਗੁੱਸਾ ਹੈ ਕਿ ਪੰਜਾਬ ਦੀ ਨਿਸ਼ਕਾਮ ਸੇਵਾ ਕਰ ਰਹੇ ਸੰਤਾਂ ਮਹਾਂਪੁਰਸ਼ਾਂ ਬਾਰੇ ਕਾਂਗਰਸ ਇਹੋ ਜਿਹੀ ਨੀਤੀ ਰੱਖਦੀ ਹੈ।

ਇਸ ਮੌਕੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਦਾ ਸਿਰੋਪਾਓ ਅਤੇ ਬੂਟੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਡਿਪਟੀ ਸਪੀਕਰ ਨੂੰ ਸੀਚੇਵਾਲ ਮਾਡਲ ਤਹਿਤ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਕੀਤੇ ਪ੍ਰਬੰਧ ਦਿਖਾਉਂਦਿਆ ਕਿਹਾ ਕਿ 1999 ਤੋਂ ਇਹ ਮਾਡਲ ਸਫਲਤਾ ਪੂਰਵਕ ਚੱਲ ਰਿਹਾ ਹੈ। ਹੁਣ ਤੱਕ 26 ਸਾਲਾਂ ਵਿੱਚ ਇਸ ਦੀ ਸਿਰਫ਼ ਦੋ ਵਾਰ ਸਫਾਈ ਕੀਤੀ ਜਾ ਗਈ ਹੈ। ਸੰਤ ਸੀਚੇਵਾਲ ਛੱਪੜ ਦੇ ਸੋਧੇ ਹੋਏ ਪਾਣੀ ਦਾ ਟੀਡੀਐਸ ਮਾਪ ਕੇ ਦਿਖਾਇਆ ਜਿਹੜਾ ਕਿ 499 ਤੱਕ ਸੀ। ਇਸ ਮੌਕੇ ਸੀਚੇਵਾਲ ਦੇ ਸਰਪੰਚ ਬੂਟਾ ਸਿੰਘ, ਚੱਕ ਚੇਲਾ ਪਿੰਡ ਦੇ ਸਰਪੰਚ ਜੋਗਾ ਸਿੰਘ, ਸੁਰਜੀਤ ਸਿੰਘ ਸ਼ੰਟੀ, ਰਾਮ ਆਸਰਾ ਤੇ ਹੋਰ ਬਹੁਤ ਸਾਰੇ ਸੇਵਾਦਾਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button