
ਚੰਡੀਗੜ੍ਹ, 22 ਮਈ (ਬਿਊਰੋ) : ਚੰਡੀਗੜ੍ਹ ਵਿੱਚ ਮੌਜੂਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਸਵੇਰੇ 11:30 ਵਜੇ ਈਮੇਲ ਰਾਹੀਂ ਭੇਜੀ ਗਈ।
ਜਿਸ ਤੋਂ ਬਾਅਦ ਤੁਰੰਤ ਕੋਰਟ ਰੂਮ ਖਾਲੀ ਕਰਵਾ ਲਏ ਗਏ। ਇਨ੍ਹਾਂ ਹੀ ਨਹੀਂ ਵਕੀਲ ਵੀ ਆਪਣੇ ਚੈਂਬਰਾਂ ਤੋਂ ਬਾਹਰ ਆ ਕੇ ਮੁੱਖ ਰੋਡ ਉੱਤੇ ਖੜੇ ਹੋ ਗਏ। ਮੌਕੇ ‘ਤੇ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਅਤੇ ਬੰਬ ਸਕਵੇਡ ਤੇ ਡੌਗ ਸਕਵੇਡ ਨੇ ਪਹੁੰਚ ਕੇ ਸਾਰੇ ਹਾਈਕੋਰਟ ਦੇ ਪਰਿਸਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਿਲਹਾਲ ਕੋਈ ਵੀ ਸ਼ੱਕੀ ਚੀਜ਼ ਹਾਈਕੋਰਟ ਦੇ ਅੰਦਰੋਂ ਨਹੀਂ ਮਿਲੀ। ਇਸ ਬਾਰੇ ਹਾਈਕੋਰਟ ਬਾਰ ਐਸੋਸੀਏਸ਼ਨ ਨੇ ਤੁਰੰਤ ਇੱਕ ਨੋਟਿਸ ਜਾਰੀ ਕਰਕੇ ਸਾਰੇ ਕੋਟ ਰੂਮ ਨੂੰ ਅਤੇ ਚੈਂਬਰਜ ਨੂੰ ਖਾਲੀ ਕਰਾਉਣ ਦੇ ਲਈ ਕਿਹਾ।
ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਕੱਤਰ ਗਗਨਦੀਪ ਜੰਮੂ ਮੁਤਾਬਕ ਬਾਰ ਦੇ ਸਾਰੇ ਮੈਂਬਰਾਂ ਨੂੰ ਹਿਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਕਿਸੇ ਵੀ ਲਵਾਰਸ ਜਾਂ ਸ਼ੱਕੀ ਚੀਜ਼ ਨੂੰ ਨਾ ਛੂਹਣ। ਇਸ ਤੋਂ ਇਲਾਵਾ ਅੱਜ ਦੁਪਹਿਰੇ 2 ਵਜੇ ਲੰਚ ਟਾਈਮ ਤੋਂ ਬਾਅਦ ਅਦਾਲਤੀ ਕਾਰਵਾਈ ਦੁਬਾਰਾ ਸ਼ੁਰੂ ਹੋਵੇਗੀ।