ਨਿੱਕਾ ਜੈਲਦਾਰ 4 ਦੇ ਟ੍ਰੇਲਰ ਰਿਲੀਜ਼ ਤੋਂ ਬਾਅਦ ਭਖਿਆ ਮੁੱਦਾ, ਐਸਜੀਪੀਸੀ ਅਤੇ ਭਾਜਪਾ ਆਗੂ ਨੇ ਕੀਤਾ ਵਿਰੋਧ

ਜਲੰਧਰ 26 ਸਤੰਬਰ (ਹਰਜਿੰਦਰ ਸਿੰਘ) : ‘ਨਿੱਕਾ ਜ਼ੈਲਦਾਰ-4′ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਪਰ ਟ੍ਰੇਲਰ ਰਿਲੀਜ਼ ਹੋਣ ਦੇ ਕੁੱਝ ਸਮੇਂ ਬਾਅਦ ਹੀ ਇਸ ਦਾ ਵਿਰੋਧ ਹੋਣ ਲੱਗ ਪਿਆ ਹੈ। ਟ੍ਰੇਲਰ ‘ਚ ਕੁੱਝ ਦ੍ਰਿਸ਼ਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ‘ਚ ਮਸ਼ਹੂਰ ਪੰਜਾਬ ਅਦਾਕਾਰਾ ਸੋਨਮ ਬਾਜਵਾ ਹੱਥ ‘ਚ ਸ਼ਰਾਬ ਤੇ ਸਿਗਰੇਟ ਫੜ੍ਹੇ ਹੋਏ ਨਜ਼ਰ ਆ ਰਹੀ ਹੈ। ਇਨ੍ਹਾਂ ਦ੍ਰਿਸ਼ਾਂ ਨੂੰ ਸਿੱਖ ਮਰਯਾਦਾ ਦੇ ਵਿਰੁੱਧ ਦੱਸਿਆ ਜਾ ਰਿਹਾ ਹੈ। ਸੋਨਮ ਬਾਜਵਾ ਫਿਲਮ ‘ਚ ਇੱਕ ਸਿੱਖ ਪਰਿਵਾਰ ਦੀ ਨੂੰਹ ਦਾ ਕਿਰਦਾਰ ਨਿਭਾ ਰਹੀ ਹੈ।
ਐਸਜੀਪੀਸੀ ਨੇ ਕੀਤਾ ਵਿਰੋਧ
ਨਿੱਕਾ ਜ਼ੈਲਦਾਰ-4′ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਤਿੱਖਾ ਵਿਰੋਧ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਮੈਂ ਫਿਲਮ ਨਹੀਂ ਦੇਖੀ, ਪਰ ਵੱਡੇ-ਵੱਡੇ ਪੋਸਟਰ ਲਗਾਏ ਜਾਂਦੇ ਹਨ ਕਿ ਤੰਬਾਕੂ ਦਾ ਇਸਤੇਮਾਲ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। ਇਨ੍ਹਾਂ ਚੀਜ਼ਾਂ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਫਿਲਮਾਂ ‘ਚ ਇਸ ਤਰ੍ਹਾਂ ਸ਼ਰਾਬ ਪੀਣਾ ਤੇ ਸਿਗਰੇਟ ਪੀਂਦੇ ਹੋਏ ਦਿਖਾਣਾ ਗਲਤ ਹੈ। ਜੇਕਰ ਕੋਈ ਸਿੱਖ ਪਹਿਰਾਵੇ ‘ਚ ਇਸ ਤਰ੍ਹਾਂ ਦਾ ਕੰਮ ਕਰੇ ਤਾਂ ਇਹ ਬਹੁੱਤ ਹੀ ਗਲਤ ਹੈ।
ਭਾਜਪਾ ਆਗੂ ਨੇ ਬੈਨ ਦੀ ਕੀਤੀ ਮੰਗ
ਲੁਧਿਆਣਾ ਦੇ ਭਾਜਪਾ ਆਗੂ ਸੁਖਵਿੰਦਰ ਸਿੰਘ ਗਰੇਵਾਲ ਨੇ ਫਿਲਮ ‘ਨਿੱਕਾ ਜ਼ੈਲਦਾਰ-4’ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ‘ਚ ਅਦਾਕਾਰ ਸੋਨਮ ਬਾਜਵਾ ਨੇ ਸਿਗਰੇਟ ਫੜੀ ਹੋਈ ਹੈ। ਸਿੱਖ ਭਾਈਚਾਰੇ ਦੇ ਪੁਰਸ਼ ਵੀ ਤੰਬਾਕੂ ਨੂੰ ਹੱਥ ਨਹੀਂ ਲਾਉਂਦੇ, ਪਰ ਫਿਲਮ ‘ਚ ਸਿੱਖ ਔਰਤ ਨੂੰ ਸਿਗਰਟ ਪੀਂਦੇ ਦਿਖਾਇਆ ਗਿਆ ਹੈ। ਗਰੇਵਾਲ ਨੇ ਸੁਪਰੀਮ ਕੋਰਟ ਤੇ ਕੇਂਦਰੀ ਸੂਚਨਾ ਪ੍ਰਸਾਰਨ ਸਣੇ ਫਿਲਮ ਦੇ ਸੈਂਸਰ ਬੋਰਡ ਨੂੰ ਤੁਰੰਤ ਕਾਰਵਾਈ ਕਰ ਰੋਕ ਲਗਾਉਣ ਦੀ ਕੀਤੀ ਮੰਗ।