
ਜੰਡਿਆਲਾ ਗੁਰੂ, 30 ਅਗਸਤ (ਕੰਵਲਜੀਤ ਸਿੰਘ ਲਾਡੀ) : ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਬਲਾਕ ਤਰਸਿੱਕਾ ਅਧੀਨ ਪਿੰਡਾਂ ਨੂੰ ਬਲਾਕ ਜੰਡਿਆਲਾ ਨਾਲ ਜੋੜਨਾ ਲੋਕ ਹਿੱਤਾਂ ਦੇ ਉਲਟ ਹੈ ਅਤੇ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਕੀਤਾ। ਉਨਾਂ ਕਿਹਾ ਕਿ ਬਲਾਕ ਤਰਸਿੱਕਾ ਖਤਮ ਕਰਨ ਨਾਲ ਜਿੱਥੇ ਹਲਕਾ ਜੰਡਿਆਲਾ ਦੇ ਆਸ ਪਾਸ ਦੇ ਲਗਭਗ 35 ਪਿੰਡ ਪ੍ਰਭਾਵਿਤ ਹੋਣਗੇ ਉੱਥੋਂ ਦੇ ਲੋਕਾਂ ਦੀ ਖੱਜਲ ਖੁਆਰੀ ਵਧੇਗੀ।
ਉਹਨਾਂ ਕਿਹਾ ਕਿ ਭਾਵੇਂ ਸਰਕਾਰ ਨੇ ਅਗਲੇ ਹੁਕਮਾਂ ਤੱਕ ਪ੍ਰਬੰਧਕੀ ਕੰਮ ਕਾਜ ਲਈ ਸਟਾਫ ਨੂੰ ਤਰਸਿੱਕਾ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ ਪਰ ਨਾਲ ਹੀ ਸਰਕਾਰ ਨੇ ਹਦਾਇਤ ਕੀਤੀ ਕਿ ਇਸ ਬਲਾਕ ਵਿੱਚ ਕੋਈ ਵੀ ਐਡੀਸ਼ਨਲ ਪੋਸਟ ਨਹੀਂ ਬਣਾਈ ਜਾਵੇਗੀ ਅਤੇ ਕੇਵਲ ਐਡੀਸ਼ਨਲ ਚਾਰਜ ਦਿੱਤਾ ਜਾਵੇਗਾ। ਹਰਦੀਪ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਲੋਕ ਵਿਰੋਧੀ ਹੈ ਅਤੇ ਸਰਕਾਰ ਨੂੰ ਇਸ ‘ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈ। ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਤੁਰੰਤ ਵਿਭਾਗ ਨੂੰ ਰੱਦ ਕਰਨਾ ਚਾਹੀਦਾ ਹੈ।
ਉਹਨਾਂ ਆਖਿਆ ਇਸ ਸਬੰਧ ਵਿੱਚ ਜਲਦ ਹੀ ਪੰਜਾਬ ਦੇ ਮਾਨਯੋਗ ਗਵਰਨਰ ਨਾਲ ਮੁਲਾਕਾਤ ਕਰਨਗੇ ਅਤੇ ਇਸ ਫੈਸਲੇ ਨੂੰ ਰੱਦ ਕਰਵਾਉਣ ਦੀ ਮੰਗ ਕਰਨਗੇ। ਹਰਦੀਪ ਗਿੱਲ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਇਸ ਫੈਸਲੇ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਤਰਸਿੱਕਾ ਬਲਾਕ ਖਤਮ ਕਰਕੇ ਇੱਥੋਂ ਦੇ ਪਿੰਡਾਂ ਨੂੰ ਜੰਡਿਆਲਾ ਦੇ ਬਲਾਕ ਨਾਲ ਜੋੜਿਆ ਜਾਂਦਾ ਹੈ ਤਾਂ ਜੰਡਿਆਲਾ ਬਲਾਕ ਉੱਪਰ ਕੰਮ ਕਾਰ ਦਾ ਵਾਧੂ ਬੋਝ ਪਵੇਗਾ।
ਪੰਚਾਇਤੀ ਵਿਭਾਗ ਤੋਂ ਇਲਾਵਾ ਤਰਸਿੱਕਾ ਬਲਾਕ ਵਿਖੇ ਰੈਵਨਿਊ, ਖੇਤੀਬਾੜੀ ਵਿਭਾਗ ਤੇ ਹੋਰ ਮਹਿਕਮੇ ਵੀ ਕੰਮ ਕਰਦੇ ਹਨ ਜਿਸ ਨਾਲ ਲੋਕਾਂ ਨੂੰ ਇੱਕੋ ਹੀ ਜਗ੍ਹਾ ਉੱਪਰ ਰੋਜ਼ ਮਰਾਂ ਦੇ ਕੰਮਾਂ ਲਈ ਦੂਰ ਦੁਰਾਡੇ ਨਹੀਂ ਜਾਣਾ ਪੈਂਦਾ। ਇਸ ਕਰਕੇ ਲੋਕਾਂ ਦੀ ਸਹੂਲਤ ਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੂੰ ਤਰਸਿੱਕਾ ਬਲਾਕ ਸਬੰਧੀ ਜਾਰੀ ਕੀਤੇ ਹੁਕਮ ਤੁਰੰਤ ਵਾਪਸ ਲੈਣੇ ਚਾਹੀਦੇ ਹਨ।