
ਜਲੰਧਰ, 27 ਮਈ (ਕਬੀਰ ਸੌਂਧੀ) : ਇਸ ਸਮੇਂ ਵੱਡੀ ਖ਼ਬਰ ਪੰਜਾਬ ਦੇ ਜਲੰਧਰ ਜਿਲ੍ਹੇ ਤੋਂ ਆ ਰਹੀ ਹੈ। ਗਰੋਵਰ ਕਲੋਨੀ ਦੇ ਰਹਿਣ ਵਾਲੇ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਢੀਂਗਰਾ ਦੀ ਲਾਸ਼ ਉਸਦੇ ਗੁਆਂਢੀਆਂ ਦੇ ਘਰੋਂ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਮਿੰਦਰ ਸਿੰਘ ਢੀਂਗਰਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਵੀ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸਾਹਮਣੇ ਰਹਿੰਦੇ ਗੁਆਂਢੀਆਂ ਨੇ ਆਪਣੇ ਘਰ ਬੁਲਾਇਆ ਅਤੇ ਕੁਝ ਦੇਰ ਬਾਅਦ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।
ਜਦੋਂ ਪਰਿਵਾਰ ਦੇ ਮੈਂਬਰ ਭੱਜ ਕੇ ਉਥੇ ਗਏ ਤਾਂ ਢੀਂਗਰਾ ਦੀ ਲੱਤ ਵਿੱਚ ਗੋਲੀ ਲੱਗੀ ਹੋਈ ਸੀ ਅਤੇ ਉਹ ਦਮ ਤੋੜ ਚੁੱਕੇ ਸਨ। ਇਹ ਕਤਲ ਕਿਸਨੇ ਕੀਤਾ ਅਤੇ ਕਿਵੇਂ ਹੋਇਆ, ਇਸ ਬਾਰੇ ਸਥਿਤੀ ਅਜੇ ਸਪੱਸ਼ਟ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹਨਾਂ ਦੇ ਘਰ ਕਤਲ ਹੋਇਆ, ਉਸ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਕਤਲ ਦਾ ਦੋਸ਼ ਵੀ ਇਸ ਪਰਿਵਾਰ ‘ਤੇ ਹੈ।