ताज़ा खबरपंजाब

ਕੱਲ੍ਹ ਅੰਮ੍ਰਿਤਸਰ ਸ਼ਹਿਰ ਵਿੱਚ ਕਈ ਥਾਵਾਂ ’ਤੇ ਚੱਲਣਗੇ ‘ਬੰਬ ਅਤੇ ਗੋਲੀਆਂ’ – ਪੁਲਿਸ ਕਮਿਸ਼ਨਰ

ਡਰਨਾ ਨਹੀਂ ਕਿਉਂਕਿ ਇਹ ਪੁਲਿਸ ਦੇ ਅਭਿਆਸ ਦਾ ਹਿੱਸਾ ਹੈ : ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਨਵੰਬਰ (ਸਾਹਿਲ ਗੁਪਤਾ) : ਪੁਲਿਸ ਕਮਿਸ਼ਨਰ ਸ. ਅਰੁਣਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਨੈਸ਼ਨਲ ਸਕਿਉਰਿਟੀ ਗਾਰਡ ਅਤੇ ਪੰਜਾਬ ਪੁਲਿਸ ਅੰਮ੍ਰਿਤਸਰ ਵਲੋਂ ਕਿਸੇ ਵੀ ਵੱਡੇ ਹਮਲੇ ਨਾਲ ਨਜਿੱਠਣ ਦੀ ਤਿਆਰੀ ਲਈ ਜੰਗੀ ਅਭਿਆਸ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਹੈਂਡ ਗਰਨੇਡ ਅਤੇ ਹੋਰ ਬੰਬ ਧਮਾਕਿਆਂ ਦੀ ਆਵਾਜ਼ ਅਤੇ ਪ੍ਰਭਾਵ ਦੀ ਵਰਤੋਂ ਅਭਿਆਸ ਲਈ ਕੀਤੀ ਜਾਵੇਗੀ। ਇਸ ਦੌਰਾਨ ਪੁਲਿਸ ਅਤੇ ਨੈਸ਼ਨਲ ਸਕਿਊਰਿਟੀ ਗਾਰਡ ਦੇ ਜਵਾਨਾਂ ਵਲੋਂ ਅਗਨੀ ਸ਼ਾਸ਼ਤਰਾਂ ਦੀ ਵਰਤੋਂ ਵੀ ਕੀਤੀ ਜਾਵੇਗੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਉਨਾਂ ਕਿਹਾ ਕਿ ਪੁਲਿਸ ਨੂੰ ਹਾਈਟੈਕ ਬਣਾਉਣ ਲਈ ਅਜਿਹੇ ਅਭਿਆਸਾਂ ਦੀ ਸਖ਼ਤ ਲੋੜ ਹੁੰਦੀ ਹੈ ਅਤੇ ਸਾਨੂੰ ਨੈਸ਼ਨਲ ਸਕਿਉਰਿਟੀ ਗਾਰਡ ਨੇ ਇਸ ਕੰਮ ਲਈ ਚੁਣਿਆ ਹੈ, ਜੋ ਕਿ ਚੰਗੀ ਗੱਲ ਹੈ। ਉਨਾਂ ਦੱਸਿਆ ਕਿ ਇਸ ਦੌਰਾਨ ਆਵਾਜਾਈ ਵੀ ਰੋਕੀ ਜਾਵੇਗੀ, ਮੀਡੀਆ ਦਾ ਦਖਲ ਵੀ ਰੋਕਿਆ ਜਾਵੇਗਾ ਅਤੇ ਮੈਡੀਕਲ ਸੇਵਾਵਾਂ ਲਈ ਐਂਬੂਲੈਂਸ ਦੀ ਵਰਤੋਂ ਵੀ ਕੀਤੀ ਜਾਵੇਗੀ। 

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੁਲਿਸ ਕਮਿਸ਼ਨਰ ਸ. ਅਰੁਣਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ 

ਉਨਾਂ ਦੱਸਿਆ ਕਿ ਇਹ ਅਭਿਆਸ ਕੱਲ੍ਹ ਦੁਪਹਿਰ ਤੋਂ ਪਰਸੋਂ ਭਾਵ 4 ਨਵੰਬਰ ਤੱਕ ਚੱਲਣਗੇ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਸੀਂ ਇਸ ਲਈ ਰੇਲਵੇ ਸਟੇਸ਼ਨ, ਖੰਨਾ ਪੇਪਰ ਮਿੱਲ, ਸਰਕਾਰੀ ਮੈਡੀਕਲ ਕਾਲਜ, ਪੁਲਿਸ ਕਮਿਸ਼ਨਰ ਦਫ਼ਤਰ, ਡਿਪਟੀ ਕਮਿਸ਼ਨਰ ਦਫ਼ਤਰ, ਹਵਾਈ ਅੱਡਾ, ਅਦਾਲਤ ਕੰਪਲੈਕਸ, ਤਾਜ ਹੋਟਲ, ਟ੍ਰੀਲਿਅਮ ਮਾਲ ਆਦਿ ਥਾਵਾਂ ਨੂੰ ਚੁਣਿਆ ਹੈ। ਉਨਾਂ ਕਿਹਾ ਕਿ ਇਸ ਅਭਿਆਸ ਨਾਲ ਜਿੱਥੇ ਸਾਨੂੰ ਅਜਿਹੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨੱਜਿਠਣ ਲਈ ਤਾਕਤ ਮਿਲੇਗੀ ਉਥੇ ਸਾਨੂੰ ਸਾਡੀਆਂ ਕਮੀਆਂ ਦਾ ਵੀ ਪਤਾ ਲਗੇਗਾ ਜਿਸਨੂੰ ਦੂਰ ਕੀਤਾ ਜਾਵੇਗਾ। 

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਆਵਾਜਾਂ ਤੋਂ ਡਰਨ ਨਾ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਅਫਵਾਹ ਫੈਲਾਉਣ ਕਿਉਂਕਿ ਇਹ ਕੇਵਲ ਪੁਲਿਸ ਦੇ ਅਭਿਆਸ ਲਈ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਕੋਈ ਵੀ ਵਿਅਕਤੀ ਸਵੈ ਰੱਖਿਆ ਲਈ ਆਪਣੇ ਲਾਇਸੰਸੀ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਨਾ ਕਰੇ। ਉਨਾਂ ਦੱਸਿਆ ਕਿ ਅਸੀਂ ਇਸ ਮਹੱਤਵਪੂਰਨ ਜਿੰਮੇਵਾਰੀ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਅਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਜ਼ਰੂਰੀ ਸੇਵਾਵਾਂ, ਨਿੱਜੀ ਅਤੇ ਜਨਤਕ ਜਾਇਦਾਦ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਭਿਆਸ ਲਈ ਪੁਲਿਸ ਪ੍ਰਸ਼ਾਸ਼ਨ ਦਾ ਸਾਥ ਦੇਣ। 

 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਅੱਜ ਇਸ ਬਾਬਤ ਦੋਹਾਂ ਅਧਿਕਾਰੀਆਂ ਨੇ ਨੈਸ਼ਨਲ ਸਕਿਉਰਿਟੀ ਗਾਰਡ, ਪੁਲਿਸ ਅਤੇ ਸਿਵਲ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਵੀ ਕੀਤੀ।

Related Articles

Leave a Reply

Your email address will not be published. Required fields are marked *

Back to top button