
ਜੰਡਿਆਲਾ ਗੁਰੂ, 30 ਜੁਲਾਈ (ਕੰਵਲਜੀਤ ਸਿੰਘ ਲਾਡੀ) : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਅੰਮ੍ਰਿਤਸਰ ਜਿਲੇ ਅੰਦਰ ਅੱਜ ਲੈਂਡ ਪੂਲਿੰਗ ਪਾਲਸੀ ਤੋਂ ਪ੍ਰਭਾਵਿਤ ਪਿੰਡਾਂ ਰਾਜੇਵਾਲ, ਮਾਨਾਵਾਲਾ, ਝੀਤਾ, ਨਿੱਜਰ ਪੁਰਾ, ਸੁੱਖੇਵਾਲ ਅਤੇ ਨਵਾਂ ਕੋਟ ਵਿਖੇ ਟਰੈਕਟਰ ਮਾਰਚ ਕਰਕੇ ਨਿੱਜਰ ਟੋਲ ਪਲਾਜੇ ਤੇ ਵੱਡਾ ਇਕੱਠ ਕੀਤਾ ਗਿਆ।
ਜਿਸ ਨੂੰ ਰਤਨ ਸਿੰਘ ਰੰਧਾਵਾ, ਲੱਖਬੀਰ ਸਿੰਘ ਨਿਜਾਮ ਪੁਰ, ਹਰਜੀਤ ਸਿੰਘ ਝੀਤੇ, ਗੁਰਦੇਵ ਸਿੰਘ ਵਰਪਾਲ, ਜੋਗਿੰਦਰ ਸਿੰਘ ਅਤੇ ਨਿਸਾਨ ਸਿੰਘ ਸਾਘਣਾ ਨੇ ਸੰਬੋਧਨ ਕੀਤਾ।ਇਲਾਕੇ ਦੇ ਪ੍ਰਭਾਵਿਤ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਟੋਲ ਪਲਾਜੇ ਤੋਂ ਜੰਡਿਆਲਾ ਗੁਰੂ ਸ੍ਰ, ਹਰਭਜਨ ਸਿੰਘ ਈ, ਟੀ, ਓ ਕੈਬਨਿਟ ਮੰਤਰੀ ਦੇ ਦਫਤਰ ਤੱਕ ਟਰੈਕਟਰ, ਮੋਟਰ ਸਾਈਕਲ, ਕਾਰਾਂ, ਜੀਪਾਂ ਤੇ ਮਾਰਚ ਕਰਕੇ ਮੰਗ ਪੱਤਰ ਦਿੱਤਾ।
ਮੰਗ ਪੱਤਰ ਵਿੱਚ ਲੈਂਡ ਪੂਲਿੰਗ ਪਾਲਸੀ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਗਈ। ਕੈਬਨਿਟ ਮੰਤਰੀ ਦੀ ਗੈਰ ਹਾਜਰੀ ਵਿੱਚ ਪੰਜਾਬ ਸਰਕਾਰ ਤਰਫੋਂ ਐਸ, ਐਸ, ਬੋਰਡ ਦੇ ਮੈਂਬਰ ਨਰੇਸ਼ ਪਾਠਿਕ ਨੇ ਇਹ ਪ੍ਰਾਪਤ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਇਹ ਮੰਗ ਪੱਤਰ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜ ਦਿੱਤਾ ਜਾਵੇਗਾ। ਮੰਗ ਪੱਤਰ ਦੇਣ ਸਮੇਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਗੁਰਮੇਜ ਸਿੰਘ ਤਿੰਮੋਵਾਲ, ਬਲਦੇਵ ਸਿੰਘ ਸੈਦਪੁਰ, ਦਲਬੀਰ ਸਿੰਘ ਬੇਦਾਦ ਪੁਰ, ਕਰਨੈਲ ਸਿੰਘ ਨਵਾਂ ਪਿੰਡ ਆਦਿ ਹਾਜਰ ਸਨ।