
ਜੰਡਿਆਲਾ ਗੁਰੂ, 29 ਜੂਨ (ਕੰਵਲਜੀਤ ਸਿੰਘ ਲਾਡੀ) : ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਅੱਜ ਜੰਡਿਆਲਾ ਗੁਰੂ ਵਿੱਚ ਵੱਖ ਵੱਖ ਵਿਭਾਗਾਂ ਵੱਲੋਂ ਪੂਰੇ ਕੀਤੇ ਜਾਣ ਵਾਲੇ ਕੰਮਾਂ ਦੀ ਸ਼ੁਰੂਆਤ ਕੀਤੀ। ਅੱਜ ਵਾਲਮੀਕ ਚੌਂਕ ਤੋਂ ਪਟਵਾਰਖਾਨਾ ਰੋਡ ਤੱਕ ਮੁਕੰਮਲ ਹੋਣ ਵਾਲੇ ਸੀਵਰੇਜ ਜਿਸ ਉੱਤੇ ਦੋ ਕਰੋੜ ਰੁਪਏ ਅਤੇ ਕੁੱਝ ਗਲੀਆਂ ਜਿਨਾਂ ਉੱਤੇ 74 ਕਰੋੜ ਰੁਪਏ ਦੇ ਕਰੀਬ ਲਾਗਤ ਆ ਰਹੀ ਹੈ, ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਕੈਬਨਿਟ ਮੰਤਰੀ ਨੇ ਦੱਸਿਆ ਕਿ
ਜੰਡਿਆਲਾ ਗੁਰੂ ਸ਼ਹਿਰ ਹੀ ਨਹੀਂ ਸਮੁੱਚੀ ਹਲਕੇ ਵਿੱਚ ਵਿਕਾਸ ਦੇ ਕੰਮ ਪਹਿਲ ਦੇ ਅਧਾਰ ਉੱਤੇ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਬੀਤੇ ਦਿਨਾਂ ਵਿੱਚ ਹਲਕੇ ਵਿੱਚ 11 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਵੱਖ ਵੱਖ ਪਿੰਡਾਂ ਦੀਆਂ ਸੰਪਰਕ ਸੜਕਾਂ ਦੇ ਨੀਹ ਪੱਥਰ ਰੱਖੇ ਗਏ ਸਨ। ਉਹਨਾਂ ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਉੱਤੇ ਭਰੋਸਾ ਕਰਕੇ ਉਹਨਾਂ ਨੂੰ ਸੱਤਾ ਸੌਂਪੀ ਹੈ ਅਤੇ ਹੁਣ ਸਾਡਾ ਫਰਜ਼ ਹੈ ਕਿ ਅਸੀਂ ਤੁਹਾਡੀਆਂ ਆਸਾਂ ਉੱਤੇ ਖਰੇ ਉਤਰੀਏ।
ਉਹਨਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਨਾਲ ਨਾਲ ਪਿੰਡਾਂ ਨੂੰ ਜਾਂਦੇ ਰਾਹਾਂ ਦਾ ਕੰਮ ਜੰਗੀ ਪੱਧਰ ਉੱਤੇ ਕਰਵਾਇਆ ਜਾ ਰਿਹਾ ਹੈ ਅਤੇ ਹਲਕੇ ਦੀ ਕੋਈ ਵੀ ਰਸਤਾ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ। ਈਟੀਓ ਨੇ ਕਿਹਾ ਕਿ ਇਹਨਾਂ ਵਿੱਚੋਂ ਬਹੁਤੇ ਰਸਤੇ ਉਹ ਹਨ ਜਿਹੜੇ ਪਹਿਲਾਂ ਬਣੇ ਹੀ ਨਹੀਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੇ ਆਲੇ ਦੁਆਲੇ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਉਣ ਲਈ ਦ੍ਰਿੜ ਹਨ ਅਤੇ ਇਸ ਵਾਰ ਦੇ ਬਜਟ ਵਿੱਚ ਇਸ ਕੰਮ ਲਈ ਰਕਮ ਰਾਖਵੀਂ ਰੱਖੀ ਗਈ ਹੈ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਇਹਨਾਂ ਕੰਮਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪੂਰਾ ਕਰਵਾਉਣ ਅਤੇ ਆਪਣੇ ਆਪਣੇ ਇਲਾਕੇ ਵਿੱਚ ਸਾਫ ਸੁਥਰਾ ਵਾਤਾਵਰਨ ਪੈਦਾ ਕਰਨ।