
ਜੰਡਿਆਲਾ ਗੁਰੂ, 28 ਮਈ (ਕੰਵਲਜੀਤ ਸਿੰਘ ਲਾਡੀ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਥਾਣਾ ਜੰਡਿਆਲਾ ਦੇ ਐਸ. ਐਚ. ਓ ਹਰਚੰਦ ਸਿੰਘ ਦੇ ਖਿਲਾਫ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ਼ਿਕਾਇਤ ਕੀਤੀ ਹੈ ਜਿਸ ਦੀ ਜਿਸ ਦੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੇ ਡੀਜੀਪੀ ਪੰਜਾਬ ਤੋਂ ਮੰਗੀ ਹੈ।
ਦਿੱਤੀ ਸ਼ਿਕਾਇਤ ਵਿੱਚ ਹਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਮੁਖੀ ਹਰਚੰਦ ਸਿੰਘ ਆਪਣੇ ਪਦ ਅਤੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਿਹਾ ਹੈ। ਹਰਦੀਪ ਗਿੱਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਹੱਥਠੋਕਾ ਬਣ ਕੇ ਥਾਣਾ ਮੁਖੀ ਭਾਜਪਾ ਵਰਕਰਾਂ ਨੂੰ ਡਰਾ ਧਮਕਾ ਕੇ ਉਨਾਂ ਦਾ ਮਨੋਬਲ ਡੇਗਣ ਲਈ ਪੂਰੀ ਵਾਹ ਲਗਾ ਰਿਹਾ ਹੈ। ਗਿੱਲ ਨੇ ਕਿਹਾ ਕਿ ਪਿੰਡ ਮੇਹਰਬਾਨਪੁਰਾ ਵਿਖੇ ਬੀਤੇ ਦਿਨੀਂ ਪਿੰਡ ਦੇ ਇੱਕ ਮਾਮੂਲੀ ਝਗੜੇ ਵਿੱਚ ਥਾਣਾ ਮੁਖੀ ਦੀਆਂ ਹਿਦਾਇਤਾਂ ‘ਤੇ ਏਐਸਆਈ ਬਲਵਿੰਦਰ ਨੇ ਤੜਕੇ ਸਵੇਰੇ 5 ਵਜੇ ਭਾਜਪਾ ਦੇ ਵਰਕਰ ਬਲਦੇਵ ਸਿੰਘ ਨੂੰ ਘਰੋਂ ਚੁੱਕ ਕੇ ਨਜਾਇਜ਼ ਹਰਾਸਤ ਵਿੱਚ ਰੱਖਿਆ।
ਹਰਦੀਪ ਗਿੱਲ ਨੇ ਕਿਹਾ ਕਿ ਇੱਕ ਪਾਸੇ ਜੰਡਿਆਲਾ ਗੁਰੂ ਕਸਬਾ ਗੁੰਡਾਗਰਦੀ ਅਤੇ ਨਸ਼ਿਆਂ ਦੀ ਮੰਡੀ ਬਣਿਆ ਪਿਆ ਹੈ । ਥਾਣਾ ਮੁਖੀ ਇਸ ਨੂੰ ਛੱਡ ਕੇ ਆਪਣੀ ਸਿਆਸੀ ਆਕਾਵਾਂ ਦੀ ਖੁਸ਼ਾਮਦ ਕਰਨ ਉਨਾਂ ਦੇ ਸਿਆਸੀ ਵਿਰੋਧੀਆਂ ਨੂੰ ਡਰਾਉਣ ਧਮਕਾਉਣ ਲਈ ਪੂਰਾ ਜੋ਼ਰ ਲਗਾ ਰਿਹਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਨੂੰ ਭੇਜੀ ਲਿਖਤੀ ਸ਼ਿਕਾਇਤ ਵਿੱਚ ਹਰਦੀਪ ਗਿੱਲ ਨੇ ਸੰਬੰਧਿਤ ਥਾਣਾ ਮੁਖੀ ਦੇ ਖਿਲਾਫ ਕਾਰਵਾਈ ਕਰਨ ਅਤੇ ਭਾਜਪਾ ਦੇ ਵਰਕਰ ਨੂੰ ਇਨਸਾਫ ਦਵਾਉਣ ਦੀ ਮੰਗ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਡੀਜੀਪੀ ਪੰਜਾਬ ਕੋਲੋਂ ਇਸ ਸਬੰਧ ਵਿੱਚ ਰਿਪੋਰਟ ਦੇਣ ਲਈ ਆਖਿਆ ਹੈ।