
ਜੰਡਿਆਲਾ ਗੁਰੂ, 04 ਸਤੰਬਰ (ਕੰਵਲਜੀਤ ਸਿੰਘ ਲਾਡੀ) : ਮਨਜੀਤ ਸਿੰਘ ਮੰਨਾ ਮੀਆਂਵਿੰਡ ਸਾਬਕਾ ਵਿਧਾਇਕ ਬਾਬਾ ਬਕਾਲਾ ਤੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਵੱਲੋਂ ਅੱਜ ਕੇਂਦਰੀ ਪੇਂਡੂ ਵਿਕਾਸ ਅਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਉਨ੍ਹਾਂ ਦੀ ਅਜਨਾਲਾ ਫੇਰੀ ਦੌਰਾਨ ਮੁਲਾਕਾਤ ਕੀਤੀ ਗਈ ਅਤੇ ਇਸ ਸਮੇਂ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ। ਕੇਂਦਰੀ ਖੇਤੀਬਾੜੀ ਮੰਤਰੀ ਅੱਜ ਹੜਾਂ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਅੰਮ੍ਰਿਤਸਰ ਪੁੱਜੇ ਸਨ।
ਭਾਜਪਾ ਆਗੂਆਂ ਨੇ ਮੰਗ ਪੱਤਰ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ (ਦਿਹਾਤੀ )ਦਾ ਦਾਇਰਾ ਵਧਾਉਣ ਦੀ ਮੰਗ ਕੀਤੀ ਗਈ, ਜਿਸ ’ਤੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਹਾਂ ਪੱਖੀ ਜਵਾਬ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਆਏ ਹੜ੍ਹਾਂ ਪ੍ਰਤੀ ਬਹੁਤ ਚਿੰਤਤ ਹਨ ਅਤੇ ਜਲਦ ਹੀ ਕੇਂਦਰ ਸਰਕਾਰ ਵੱਲੋਂ ਪੀੜਤ ਲੋਕਾਂ ਦੀ ਮਦਦ ਲਈ ਰਾਹਤ ਪੈਕਜ ਦਾ ਐਲਾਨ ਕੀਤਾ ਜਾਏਗਾ ।

ਇਸ ਮੌਕੇ ਹਰਦੀਪ ਸਿੰਘ ਗਿੱਲ ਤੇ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਪੰਜਾਬ ਵਿੱਚ 32 ਫੀਸਦੀ ਦਲਿਤ ਆਬਾਦੀ ਹੈ ਅਤੇ ਪਿਛਲੇ ਦਿਨਾਂ ਦੌਰਾਨ ਪਏ ਭਾਰੀ ਮੀਂਹ ਕਾਰਨ ਲੋਕਾਂ ਦੇ ਘਰਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਲੋਕਾਂ ਦੇ ਕੱਚੇ ਘਰਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਹਨ ਤੇ ਪੀੜਤ ਲੋਕ ਆਰਥਿਕ ਪੱਖੋਂ ਇੰਨੇ ਕਮਜੋਰ ਹਨ ਕਿ ਉਹ ਡਿੱਗ ਚੁੱਕੇ ਘਰਾਂ ਦਾ ਦੁਬਾਰਾ ਨਿਰਮਾਣ ਨਹੀਂ ਕਰਵਾ ਸਕਦੇ। ਉਨ੍ਹਾਂ ਕਿਹਾ ਕਿ ਮਾਝਾ ਖੇਤਰ ਦੇ ਚਾਰ ਜਿਲ੍ਹੇ ਜਿਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਪਠਾਨਕੋਟ ਆਉਂਦੇ ਹਨ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਹਨ ਤੇ ਇਨ੍ਹਾਂ ਜਿਲਿਆਂ ਦੇ ਲੋਕਾਂ ਨੂੰ ਸਰਕਾਰ ਵੱਲੋਂ ਜਲਦ ਤੋਂ ਜਲਦ ਰਾਹਤ ਮਿਲਣੀ ਚਾਹੀਦੀ ਹੈ।
ਹਰਦੀਪ ਗਿੱਲ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਇਸ ਔਖੀ ਘੜੀ ਵਿੱਚ ਲੋਕਾਂ ਦੇ ਨਾਲ ਖੜ੍ਹਨ ਵਿਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਤੇ ਕਿਹਾ ਜਾ ਸਕਦਾ ਹੈ ਕਿ ਬਿਪਤਾ ਦੀ ਇਸ ਘੜੀ ਵਿੱਚ ਸਰਕਾਰ ਕਿਤੇ ਵੀ ਖੜ੍ਹੀ ਦਿਖਾਈ ਨਹੀਂ ਦੇ ਰਹੀ। ਲੋਕ ਅਤੇ ਸਮਾਜ ਸੇਵੀ ਜਥੇਬੰਦੀਆਂ ਖੁਦ ਹੀ ਇੱਕ ਦੂਜੇ ਦੀ ਮਦਦ ਲਈ ਹੱਥ ਅੱਗੇ ਵਧਾ ਰਹੇ ਹਨ। ਦੋਵਾਂ ਆਗੂਆਂ ਨੇ ਬੇਜਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਵੀ ਮੁੱਦਾ ਉਠਾਇਆ ਅਤੇ ਕਿਹਾ ਕਿ ਠੇਕੇ ‘ਤੇ ਜ਼ਮੀਨ ਲੈ ਕੇ ਫਸਲ ਬੀਜਣ ਵਾਲਿਆਂ ਨੂੰ ਵੀ ਕੇਂਦਰ ਸਰਕਾਰ ਮੁਆਵਜ਼ਾ ਦੇਣ ਵੇਲੇ ਧਿਆਨ ਵਿੱਚ ਰੱਖੇ।
ਸ਼ਿਵਰਾਜ ਚੌਹਾਨ ਨੇ ਸਾਰੀ ਗੱਲਬਾਤ ਨੂੰ ਧਿਆਨ ਨਾਲ ਸੁਣਿਆ ਤੇ ਕਿਹਾ ਕਿ ਉਹ ਖੁਦ ਪੰਜਾਬ ਦੇ ਦਲਿਤ ਭਾਈਚਾਰੇ ਸਬੰਧੀ ਗੱਲਬਾਤ ਕਰਨੀ ਚਾਹੁੰਦੇ ਸਨ ਅਤੇ ਹੜਾਂ ਕਾਰਨ ਉਹਨਾਂ ਦੇ ਹੋਏ ਨੁਕਸਾਨ ਅਤੇ ਹਾਲਾਤਾਂ ਬਾਰੇ ਵੀ ਜਾਣਕਾਰੀ ਲੈਣੀ ਚਾਹੁੰਦੇ ਸਨ ਤੇ ਉਹ ਇਸ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲਬਾਤ ਕਰਨਗੇ।