
ਅੰਮ੍ਰਿਤਸਰ, 15 ਸਤੰਬਰ (ਕੰਵਲਜੀਤ ਸਿੰਘ ਲਾਡੀ, ਸਾਹਿਲ ਗੁਪਤਾ) : ਕੱਲ ਤੋਂ ਪੰਜਾਬ ਭਰ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲਾ ਫੂਡ ਸਪਲਾਈ ਕੰਟਰੋਲਰ, ਜਿਲਾ ਮੰਡੀ ਅਫਸਰ ਅਤੇ ਝੋਨੇ ਦੀ ਖਰੀਦ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ। ਇਸ ਮੌਕੇ ਉਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਲਈ 48 ਮੰਡੀਆਂ ਨੋਟੀਫਾਈ ਕੀਤੀਆਂ ਗਈਆਂ ਹਨ।
ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦਾ ਸਰਕਾਰੀ ਰੇਟ 2389 ਰੁਪਏ ਪ੍ਰਤੀ ਕੁਇੰਟਲ ਮਿਥਿਆ ਗਿਆ ਹੈ ਅਤੇ ਇਸ ਲਈ ਝੋਨੇ ਵਿਚ ਨਮੀ ਦੀ ਮਾਤਰਾ 17 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਕੇਵਲ ਸੁੱਕਾ ਝੋਨਾ ਹੀ ਲੈ ਕੇ ਆਉਣ , ਤਾਂ ਜੋ ਮੰਡੀ ਵਿੱਚ ਖਰੀਦ ਲਈ ਇੰਤਜ਼ਾਰ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਵੱਲੋਂ ਪੈਦਾ ਕੀਤਾ ਗਿਆ ਇੱਕ ਇੱਕ ਦਾਣਾ ਖਰੀਦੇਗੀ ਇਸ ਲਈ ਕੋਈ ਕਾਹਲੀ ਦੀ ਲੋੜ ਨਹੀਂ, ਬਲਕਿ ਫਸਲ ਨੂੰ ਸੁਕਾ ਕੇ ਕੱਟੋ ਤਾਂ ਜੋ ਸਰਕਾਰੀ ਖਰੀਦ ਏਜੰਸੀਆਂ ਬਿਨਾਂ ਕਿਸੇ ਰੁਕਾਵਟ ਦੇ ਖਰੀਦ ਜਾਰੀ ਰੱਖ ਸਕਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਖਰੀਦ ਲਈ ਬਾਰਦਾਨਾ ਲੋੜ ਅਨੁਸਾਰ ਪਹੁੰਚ ਚੁੱਕਾ ਹੈ, ਲੇਬਰ ਅਤੇ ਟਰਾਂਸਪੋਰਟੇਸ਼ਨ ਦੇ ਟੈਂਡਰ ਵੀ ਹੋ ਗਏ ਹਨ। ਇਸ ਤਰ੍ਹਾਂ ਸਮੁੱਚੇ ਪ੍ਰਬੰਧ ਮੁਕੰਮਲ ਹਨ ਅਤੇ ਅਸੀਂ ਕੱਲ ਤੋਂ ਹੀ ਝੋਨੇ ਦੀ ਖਰੀਦ ਲਈ ਤਿਆਰ ਹਾਂ। ਉਹਨਾਂ ਨੇ ਜ਼ਿਲਾ ਮੰਡੀ ਅਧਿਕਾਰੀ ਸ ਅਮਨਦੀਪ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਝੋਨੇ ਵਿੱਚ ਨਮੀ ਦਾ ਕੰਟਰੋਲ ਕਰਨ ਲਈ ਮੰਡੀ ਦੇ ਗੇਟ ਉੱਤੇ ਹੀ ਨਮੀ ਦੀ ਜਾਂਚ ਕਰਨ, ਤਾਂ ਜੋ ਕੇਵਲ ਸੁੱਕਾ ਝੋਨਾ ਹੀ ਮੰਡੀ ਅੰਦਰ ਜਾਵੇ।
ਉਹਨਾਂ ਕਿਹਾ ਕਿ ਨਮੀ ਨੂੰ ਕੰਟਰੋਲ ਕਰਨ ਲਈ ਅਸੀਂ ਰਾਤ ਵੇਲੇ ਕੰਬਾਈਨਾਂ ਚਲਾਉਣ ਉੱਤੇ ਮੁਕੰਮਲ ਪਾਬੰਦੀ ਲਗਾਈ ਹੈ, ਸੋ ਇਸ ਨੂੰ ਵੀ ਸਖਤੀ ਨਾਲ ਲਾਗੂ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰ. ਅਮਨਜੀਤ ਸਿੰਘ ਨੇ ਦੱਸਿਆ ਕਿ ਮੰਡੀਆਂ ਦੀ ਅਲਾਟਮੈਂਟ ਖਰੀਦ ਏਜੰਸੀਆਂ ਨੂੰ ਕੀਤੀ ਜਾ ਚੁੱਕੀ ਹੈ। ਉਹਨਾਂ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਝੋਨੇ ਦੀ ਖਰੀਦ ਵਿੱਚ ਕੋਈ ਸਮੱਸਿਆ ਕਿਸਾਨਾਂ, ਆੜਤੀਆਂ ਜਾਂ ਕਿਸੇ ਵੀ ਹੋਰ ਵਰਗ ਨੂੰ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਕਿਸਾਨਾਂ, ਆੜਤੀਆਂ, ਕੰਬਾਈਨ ਉਪਰੇਟਰਾਂ, ਖਰੀਦੀ ਏਜੰਸੀਆਂ ਨਾਲ ਮੀਟਿੰਗਾਂ ਕਰਕੇ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ।