
ਜੰਡਿਆਲਾ ਗੁਰੂ,ਟਾਂਗਰਾ, 06 ਸਤੰਬਰ (ਕੰਵਲਜੀਤ ਸਿੰਘ ਲਾਡੀ) : ਭਾਰੀ ਬਰਸਾਤ ਕਾਰਨ ਜਿੱਥੇ ਸਰਹੱਦੀ ਖੇਤਰ ਹੜਾਂ ਦੀ ਮਾਰ ਹੇਠ ਹੈ, ਉੱਥੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਕਸਬੇ ਟਾਂਗਰਾ ਦਾ ਨਵਾਂ ਬਣਿਆ ਫਲਾਈਓਵਰ ਚਾਲੂ ਹੋਣ ਤੋਂ ਕੁਝ ਦਿਨ ਬਾਅਦ ਹੀ ਬਰਸਾਤ ਕਾਰਨ ਟੁੱਟ ਗਿਆ ।
ਇਹ ਪੁਲ ਪਿਛਲੇ ਕਾਫੀ ਦਿਨਾਂ ਤੋਂ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਅੱਜ ਹਲਕਾ ਜੰਡਿਆਲਾ ਗੁਰੂ ਤੋਂ ਭਾਜਪਾ ਦੇ ਇੰਚਾਰਜ ਅਤੇ ਪਾਰਟੀ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਹਰਦੀਪ ਸਿੰਘ ਗਿੱਲ ਰਾਸ਼ਟਰੀ ਰਾਜਮਾਰਗ ਦੇ ਸਥਾਨਕ ਅਧਿਕਾਰੀਆਂ ਸਮੇਤ ਟੁੱਟੇ ਹੋਏ ਪੁਲ ਦਾ ਮੁਆਇਨਾ ਕਰਨ ਪਹੁੰਚੇ ਅਤੇ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਪੁਲ ਬੰਦ ਹੋਣ ਕਾਰਨ ਆਸ- ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਤੰਗੀ ਪੇਸ਼ ਆ ਰਹੀ ਹੈ।
ਭਾਜਪਾ ਆਗੂ ਨੂੰ ਮੌਕੇ ਉੱਪਰ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਪੁਲ ਫਿਲਹਾਲ ਆਰਜ਼ੀ ਤੌਰ ‘ਤੇ ਖੋਲਿਆ ਗਿਆ ਸੀ ਅਜੇ ਪੁੱਲ ਦਾ ਕੰਮ ਅਧੂਰਾ ਸੀ ਲਾਈਟਾਂ ਤੋਂ ਇਲਾਵਾ ਦੀਵਾਰ ਪੇਂਟਿੰਗ , ਰੋਡ ਮਾਰਕਿੰਗ, ਰੋਡ ਸਟੱਡਸ ਦਾ ਕੰਮ ਹੋਣਾ ਬਾਕੀ ਹੈ। ਪੁੱਲ ਟੁੱਟਣ ਤੋਂ ਬਾਅਦ ਆਈ.ਆਈ.ਟੀ ਰੁੜਕੀ ਦੀ ਟੀਮ ਨੇ ਇਸ ਸਥਾਨ ਦਾ ਮੁਆਇਨਾ ਕੀਤਾ ਅਤੇ ਜੋ ਦਿਸ਼ਾ- ਨਿਰਦੇਸ਼ ਟੀਮ ਵੱਲੋਂ ਦਿੱਤੇ ਗਏ ਹਨ ਉਸ ਮੁਤਾਬਕ ਕੰਮ ਕਰਨ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਟੁੱਟੇ ਹੋਏ ਪੁਲ ਨੂੰ ਕੰਕਰੀਟ ਨਾਲ ਭਰ ਦਿੱਤਾ ਗਿਆ ਅਤੇ ਇਸ ਪੁੱਲ ਉੱਪਰ ਅਜੇ 50 ਐਮ.ਐਮ. ਦੀ ਟੋਪ ਲੇਅਰ ਪੈਣੀ ਬਾਕੀ ਹੈ। ਅਧਿਕਾਰੀਆਂ ਨੇ ਵੀ ਦੱਸਿਆ ਕਿ ਇਸ ਜਗਾ ਉੱਪਰੋਂ ਬੋਰਡ, ਲਾਈਟਾਂ ਤੇ ਹੋਰ ਸਮਾਨ ਵੀ ਚੋਰੀ ਹੋ ਗਿਆ ਹੈ।
ਹਰਦੀਪ ਸਿੰਘ ਗਿੱਲ ਨੇ ਅਧਿਕਾਰੀਆਂ ਨੂੰ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜਲਦ ਤੋਂ ਜਲਦ ਰਹਿੰਦੇ ਕੰਮ ਨੂੰ ਮੁਕੰਮਲ ਕਰਨ ਲਈ ਆਖਿਆ। ਗਿੱਲ ਨੇ ਕਿਹਾ ਕਿ ਉਹ ਨੈਸ਼ਨਲ ਹਾਈਵੇ ਦੇ ਉੱਚ ਅਧਿਕਾਰੀਆਂ ਨਾਲ ਫਲਾਈ ਓਵਰ ਟੁੱਟਣ ਦੇ ਕਾਰਨਾਂ ਦੀ ਜਾਂਚ ਕਰਵਾਉਣ ਲਈ ਕਹਿਣਗੇ ਅਤੇ ਜੇਕਰ ਲੋੜ ਪਈ ਤਾਂ ਉਹ ਇਸ ਸਬੰਧ ਵਿੱਚ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਵੀ ਪੱਤਰ ਲਿਖਣਗੇ। ਉਹਨਾਂ ਆਖਿਆ ਕਿ ਮਟੀਰੀਅਲ ਦੇ ਗੁਣਵੱਤਾ ਨੂੰ ਵੀ ਧਿਆਨ ਵਿੱਚ ਰੱਖਣਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ।
ਗਿੱਲ ਨੇ ਕਿਹਾ ਕਿ ਅਧਿਕਾਰੀਆਂ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਮੌਸਮ ਠੀਕ ਹੋਣ ਉਪਰੰਤ ਜਲਦ ਹੀ ਪੁੱਲ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨਾਂ ਨਾਲ ਲੋਕੇਸ਼ ਯਾਦਵ, ਜੋਗੇਸ਼ ਯਾਦਵ ਪ੍ਰੋਜੈਕਟ ਇੰਜੀਨੀਅਰ, ਅਨਿਕ ਮਹਾਜਨ ਇੰਚਾਰਜ (ਜਲੰਧਰ – ਅੰਮ੍ਰਿਤਸਰ) ਪ੍ਰੋਜੈਕਟ ਰਾਸ਼ਟਰੀ ਰਾਜਮਾਰਗ, ਨਰਿੰਦਰ ਸਿੰਘ ਮੁੱਛਲ ਸਰਕਲ ਪ੍ਰਧਾਨ ਭਾਜਪਾ, ਪਲਵਿੰਦਰ ਸਿੰਘ ਸੰਧੂ, ਜਗਰੂਪ ਸਿੰਘ ਵਡਾਲੀ ਸਰਬਜੀਤ ਸਿੰਘ ਵਡਾਲੀ ਵੀ ਹਾਜ਼ਰ ਸਨ।