ताज़ा खबरपंजाब

ਹੜ੍ਹਾਂ ਦੀ ਮਾਰ ਹੇਠ ਅਜਨਾਲਾ ਖੇਤਰ ਦੇ 7-7 ਫੁੱਟ ਰੇਤ ਤੇ ਗਾਰ ਹੇਠ ਦੱਬੇ ਗਏ ਖੇਤਾਂ ਦੇ ਮੁਆਵਜੇ ਲਈ ਵਿਧਾਨ ਸਭਾ ਕਮੇਟੀ ਗਠਿਤ ਹੋਵੇ : ਧਾਲੀਵਾਲ

ਸੈਸ਼ਨ ਨੂੰ ਸੰਬੋਧਨ ਹੁੰਦਿਆਂ ਧਾਲੀਵਾਲ ਨੇ ਕਿਹਾ ਕਿ ਵਿਧਾਇਕ ਵਜੋਂ ਨਹੀਂ ਸਗੋਂ ਹੜ੍ਹਾਂ ਦੇ ਡੰਗੇ ਲੋਕਾਂ ਦੇ ਅਸਹਿ ਦਰਦ ਤੇ ਪੀੜਾਂ ਦੇ ਚਸ਼ਮਦੀਦ ਗਵਾਹ ਵਜੋਂ ਖੜੇ੍ਹ ਹਨ

ਦਰਿਆ ਬੁਰਦ ਹੋਈਆਂ ਜਮੀਨਾਂ ਦੇ ਮੁੱਲ ਦਾ ਮੁਆਵਜਾ ਦੇਣ ਤੋਂ ਕੇਂਦਰ ਸਰਕਾਰ ਮੂਕ ਦਰਸ਼ਕ ਨਾ ਬਣੇ : ਧਾਲੀਵਾਲ

ਚੰਡੀਗੜ੍ਹ/ ਅੰਮ੍ਰਿਤਸਰ, 26 ਸਤੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਪੰਜਾਬ ਵਿਧਾਨ ਸਭਾ ਦੇ ਹੜ੍ਹਾਂ ਦੇ ਮੁੱਦੇ ਤੇ ਬੁਲਾਏ ਗਏ ਵਿਸ਼ੇਸ਼ ਸੈਸ਼ਨ ਦੌਰਾਨ ਜ਼ਿਲੇ੍ਹ ਦੇ ਹਲਕਾ ਅਜਨਾਲਾ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਭਿਅੰਕਰ ਹੜ੍ਹਾਂ ਦੀ ਮਾਰ ਕਾਰਣ ਹੋਈ ਤਬਾਹੀ ਦੇ ਦਰਦ ਦੀ ਮਾਰਮਿਕ ਦਾਸਤਾਨ ਨੂੰ ਭਾਵੁਕ ਸ਼ਬਦਾਂ ‘ਚ ਜਿੱਥੇ ਮਾਣਯੋਗ ਸਪੀਕਰ ਰਾਹੀਂ ਸਦਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਉਹ ਇਸ ਪਵਿੱਤਰ ਸਦਨ ‘ਚ ਇੱਕ ਵਿਧਾਇਕ ਵਜੋਂ ਨਹੀਂ ਸਗੋਂ 26 ਅਗਸਤ ਤੋਂ 24 ਸਤੰਬਰ ਤੱਕ ਆਪਣੇ ਪਿੰਡੇ ਤੇ ਵਿਧਾਨ ਸਭਾ ਹਲਕੇ ਦੇ ਕੌਮਾਂਤਰੀ ਸਰਹੱਦ ‘ਤੇ ਸਿੱਧੀਆਂ ਤੇ ਅਸਿਿਧਆਂ ਜੰਗਾਂ ਦੇ ਥਪੇੜੇ ਖਾਂਦੇ ਆ ਰਹੇ ਅਤੇ ਇਸ ਵੇਰਾਂ ਫਨੀਅਰ ਜ਼ਹਿਰੀਲੇ ਸੱਪ ਵਾਂਗ ਡੰਗ ਮਾਰਦੀਆਂ ਰਾਵੀ ਦਰਿਆ ਦੀਆਂ ਹੜ੍ਹਾਂ ਦੀਆਂ ਛੱਲਾਂ ਦੇ ਡੰਗੇ ਲੋਕਾਂ ਦੇ ਅਸਿਹ ਦਰਦ, ਪੀੜਾ, ਅੱਲੇ ਜ਼ਖਮਾਂ ਦੇ ਹੂ –ਬ- ਹੂ ਚਸ਼ਮਦੀਦ ਗਵਾਹੀ ਦੇ ਸਿਰਨਾਵੇਂ ਵਜੋਂ ਖੜੇ ਹਨ। ਉਥੇ ਜ਼ੋਰ ਦਿੰਦੇ ਹਨ ਕਿ ਰਾਵੀ ਦਰਿਆ ਦੇ ਪਾਣੀ ਦੇ ਕਹਿਰ ‘ਚ ਸੁਨਿਹਰੀ ਭਾਅ ਮਾਰਦੇ ਝੋਨੇ ਦੇ ਖੇਤਾਂ ਨੂੰ ਅੱਖ ਝਪਕਦਿਆਂ 6 -6, 7 – 7 ਫੁੱਟ ਡੁੱਬਦਿਆਂ ਤੇ ਪਹਾੜਾਂ ਤੋਂ ਬੱਦਲ ਫਟਣ ਨਾਲ ਤੇਜ਼ ਵਹਾਅ ਪਾਣੀ ਨਾਲ ਰੁੜ ਕੇ ਆਏ ਕੰਕਰੀਟ, ਲਾਲ ਮਿੱਟੀ, ਗਾਰ ਤੇ ਰੇਤ ਨਾਲ ਭਰ ਚੁੱਕੇ ਘੋਹਨੇਵਾਲਾ, ਮਾਛੀਵਾਹਲਾ, ਨਿੱਸੋਕੇ, ਸਿੰਘੋਕੇ, ਜੱਟਾ ਪੱਛੀਆ, ਰੂੜੇਵਾਲ , ਮਲਕਪੁਰ ਆਦਿ 30-40 ਪਿੰਡਾਂ ਦੀਆਂ ਕੰਡਿਆਲੀ ਤਾਰ ਤੋਂ ਪਾਰ ਤੇ ਉਰਾਰ ਖੇਤਾਂ ਦਾ ਨੇੜਿਓਂ ਬਰੀਕੀ ਨਾਲ ਜਾਇਜ਼ਾ ਲੈਣ ਲਈ ਵਿਧਾਨ ਸਭਾ ਦੀ ਉੱਚ ਤਾਕਤੀ ਕਮੇਟੀ ਗਠਿਤ ਕੀਤੀ ਜਾਵੇ ।

ਪੰਜਾਬ ਵਿਧਾਨ ਸਭਾ ਦੇ ਸਦਨ ‘ਚ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਹਲਕਾ ਅਜਨਾਲਾ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ।

ਸ. ਧਾਲੀਵਾਲ ਵਲੋਂ ਵਿਧਾਨ ਸਭਾ ‘ਚ ਪ੍ਰਗਟਾਏ ਉਕਤ ਵਿਚਾਰਾਂ ਨੂੰ ਅੱਜ ਇਥੇ ਜਾਰੀ ਕਰਦਿਆਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਐਸ. ਪ੍ਰਸ਼ੋਤਮ ਨੇ ਦੱਸਿਆ ਕਿ ਸ. ਧਾਲੀਵਾਲ ਕਿਹਾ ਕਿ ਸਾਲ 1988 ਦੇ ਇਸ ਤੋਂ ਵੀ ਭਿਆਨਕ ਹੜ੍ਹਾਂ ਤੋਂ ਲੈ ਕੇ ਅੱਜ ਤੱਕ ਵਾਰ ਵਾਰ ਰਾਵੀ ਦਰਿਆ ‘ਚ ਆਏ ਹੜ੍ਹਾਂ ‘ਚ ਅਜਨਾਲਾ ਖੇਤਰ ਦੇ ਰਾਵੀ ਦਰਿਆ ਨੇੜਲੇ ਪਿੰਡਾਂ ‘ਚ ਹਜਾਰ ਏਕੜ ਤੋਂ ਵੱਧ ਦਰਿਆ ਬੁਰਦ ਹੋਈਆਂ ਉਪਜਾਊ ਜਮੀਨਾਂ ਦਾ ਮੁੱਲ ਦੇ ਰੂਪ ‘ਚ 20-20 ਲੱਖ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਲਈ ਅਜੇ ਤੱਕ ਕੇਂਦਰ ਸਰਕਾਰ ਵਲੋਂ ਧਾਰੀ ਮੂਕ ਦਰਸ਼ਕ ਬਣ ਕੇ ਚੁੱਪ ਧਾਰੀ ਹੋਈ ਹੈ।ਜਦੋਂਕਿ ਦਰਿਆਵਾਂ ਦੇ ਧੁੱਸੀ ਬੰਨ੍ਹ ਮਜਬੂਤ ਕਰਨਾ ਤੇ ਦਰਿਆ ਬੁਰਦ ਹੋਈਆਂ ਜਮੀਨਾਂ ਦਾ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜੇ ਦੇ ਰੂਪ ‘ਚ ਮੁੱਲ ਦੀ ਅਦਾਇਗੀ ਕਰਨਾ ਸੂਬਿਆਂ ਦਾ ਨਹੀਂ ਸਗੋਂ ਕੇਂਦਰ ਸਰਕਾਰ ਦਾ ਅਧਿਕਾਰ ਖੇਤਰ ਹੈ। ਸ. ਧਾਲੀਵਾਲ ਨੇ ਸਦਨ ‘ਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਲੰਮੇ ਹੱਥੀ ਲਿਆ ਅਤੇ ਕਿਹਾ ਕਿ ਹਾਲ ‘ਚ ਹੀ ਗੁਆਂਢੀ ਮੁਲਕ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਸਾਜਿਸ਼ਾਂ ਨੂੰ ਨਾਕਾਮ ਕਰਨ ਲਈ ਕੇਂਦਰੀ ਸਰਕਾਰ ਵਲੋਂ ਕੀਤੇ ਅਪਰੇਸ਼ਨ ਸਿੰਧੂਰ ਸਮੇਤ ਹੋਰ ਭਾਰਤ –ਪਾਕਿ ਸਿੱਧੀਆਂ ਤੇ ਅਸਿੱਧੀਆਂ ਜੰਗਾਂ ਦੌਰਾਨ ਦੇਸ਼ ਦੀ ਸਲਾਮਤੀ ਲਈ ਆਪਣੀ ਜਾਨ ਖ਼ਤਰੇ ਵਿੱਚ ਪਾਉਂਦੇ ਆ ਰਹੇ ਮੇਰੇ ਹਲਕੇ ਦੇ ਜਾਂਬਾਜ਼ ਸਰਹੱਦੀ ਤੇ ਰਾਵੀ ਦਰਿਆ ਦੇ ਹੜ੍ਹ ਦੀ ਮਾਰ ‘ਚ ਉੱਚੀ ਉੱਚੀ ਚੀਕ ਚਿਹਾੜੇ ਚ ਬਚਾਓ ਲਈ ਆਪਣੇ ਕੀਮਤੀ ਸਮਾਨ ਨਾਲ ਭਰੇ ਘਰਾਂ ਨੂੰ ਖਾਲੀ ਹੱਥੀ ਤੇ ਹਵੇਲੀਆਂ ਚ ਬੰਨ੍ਹੇ ਪਸ਼ੂਆਂ ਨੂੰ ਵੀ ਉਵੇਂ ਹੀ ਛੱਡ ਕੇ ਤੇਜ਼ ਪਾਣੀ ਦੇ ਵਹਾਅ ਚੋਂ ਜਾਨਾਂ ਬਚਾਉਂਦਿਆਂ ਨਿਕਲਦਿਆਂ ਦਰਦ ਦਾ ਮੰਜ਼ਰ ਹੰਢਾਉਣ ਵਾਲਿਆਂ ਦਾ ਦਰਦ ਤੇ ਮਲ੍ਹਮ ਲਾਉਣ ਲਈ ਸਦਨ ‘ਚ ਅੱਜ ਵੀ ਕੋਈ ਹਾਅ ਦਾ ਨਾਅਰਾ ਨਹੀਂ ਮਾਰਿਆ , ਜਦੋਂਕਿ ਹੜਾਂ ਦੀ ਤਰਾਸਦੀ ਵੇਖ ਸੁਣ ਕੇ ਸਾਰਾ ਪੰਜਾਬ ਤਾਂ ਭਾਵੇਂ ਕੰਬ ਉੱਠਿਆ ਸੀ। ਸ. ਬਾਜਵਾ ਨੇ ਵਿਰੋਧ ਲਈ ਸਿਰਫ ਵਿਰੋਧ ਦੀ ਵੋਟਾਂ ਲਈ ਰਾਜਨੀਤੀ ਕਰਦਿਆਂ ਉਨ੍ਹਾਂ (ਸ. ਧਾਲੀਵਾਲ) ਦੇ ਪੀਏ ਮੁਖਤਾਰ ਸਿੰਘ , ਜੋ ਦਲਿਤ ਸ਼ੇ੍ਰਣੀ ‘ਚੋਂ ਸਿਰਫ 1 ਕਨਾਲ ਜਮੀਨ ਦੇ ਮਾਲਕ ਹਨ ‘ਤੇ ਵੀ ਸਦਨ ‘ਚ ਹੜ੍ਹਾਂ ਦੌਰਾਨ ਨਹਿਰ ਤੋੜਣ ਦੀ ਤੁਹਮਤਬਾਜ਼ੀ ਕਰਨ ਤੋਂ ਪ੍ਰਹੇਜ਼ ਨਹੀਂ ਕੀਤਾ, ਜਦੋਂਕਿ ਨਹਿਰ ਨੂੰ ਨੁਕਸਾਨ ਪਹੁੰਚਾਉਣ ‘ਚ ਮੁਖਤਾਰ ਸਿੰਘ ਦਾ ਕੋਈ ਹੱਥ ਹੋਣ ਦੀ ਬਜਾਏ ਪਿੰਡਾਂ ਦੀ ਧੜੇਬੰਦੀ ਦਾ ਮਾਮਲਾ ਸੀ।ਪਰ ਉਨ੍ਹਾਂ (ਧਾਲੀਵਾਲ) ਨੇ ਨਿੱਜੀ ਤੌਰ ਤੇ ਦਖਲਅੰਦਾਜ਼ੀ ਕਰਕੇ ਨਹਿਰ ਨੂੰ ਪੁੱਜੇ ਨੁਕਸਾਨ ਦੀ ਭਰਪਾਈ ਕਰਵਾ ਦਿੱਤੀ ਸੀ। ਸ. ਧਾਲੀਵਾਲ ਨੇ ਤਿੱਖੇ ਸੁਰ ‘ਚ ਰਾਜਸੀ ਹਮਲੇਬਾਜ਼ੀ ਜਾਰੀ ਰੱਖਦਿਆਂ ਕਿਹਾ ਕਿ ਅਜਨਾਲਾ ਹਲਕੇ ‘ਚ ਇਨ੍ਹਾਂ (ਸ. ਬਾਜਵਾ) ਦੀ ਪਾਰਟੀ ਦੇ ਸੁਪਰੀਮੋ ਤੇ ਸੰਸਦ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਹੜ੍ਹਾਂ ਪਿੱਛੋਂ 20 ਦਿਨਾਂ ਬਾਅਦ ਆਪਣੀ ਫੇਰੀ ਦੌਰਾਨ ਪ੍ਰਭਾਵਿਤ ਪਿੰਡ ਘੋਹਨੇਵਾਲਾ ‘ਚ ਖਾਲੀ ਹੱਥੀ ਆਏ ਅਤੇ ਖਾਲੀ ਹੱਥੀ ਉਵੇਂ ਹੀ ਵਾਪਸ ਚਲੇ ਗਏ, ਜਿਵੇਂ ਹੜ੍ਹ ਆਉਣ ਤੋਂ 3-4 ਦਿਨ ਬਾਅਦ ਘੋਹਨੇਵਾਲਾ ਵਿਖੇ ਹੀ ਪੁੱਜੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਖਾਲੀ ਹੱਥੀ ਵਾਪਸ ਪਰਤੇ ਸਨ।ਪੰਜਾਬੀਆਂ ਨੂੰ ਲਗਾਈ ਗਈ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਗੁਹਾਰ ਦੇ ਮੱਦੇਨਜ਼ਰ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਤੇ ਵੱਖ ਵੱਖ ਸਮਾਜ ਸੇਵੀ , ਧਾਰਮਿਕ ਸੰਸਥਾਵਾਂ, ਕਾਰ ਸੇਵਾ ਵਾਲੇ ਬਾਬੇ ਟਰੱਕ, ਟਰਾਲੀਆਂ ਭਰ ਕੇ ਸਹਾਇਤਾ ਲੈ ਕੇ ਪਹੁੰਚੇ, ਜੋ ਸਿਰਫ਼ ਰੋਟੀ, ਕੱਪੜਾ ਅਤੇ ਮਕਾਨ ਹੀ ਨਹੀਂ ਸਗੋਂ ਉਹ ਆਪਣੇ ਦਿਲਾਂ ਦੀ ਗਰਮਾਹਟ ਲੈ ਕੇ ਆਏ ਸਨ।ਸ. ਧਾਲੀਵਾਲ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਦੇ ਪੁਨਰ ਵਸੇਬੇ ਤੇ ਖੇਤਾਂ ਨੂੰ ਬਿਜਾਈ ਯੋਗ ਬਣਾਉਣ ਤੱਕ ਹਲਕੇ ਦੇ ਲੋਕਾਂ ਦੀ ਸੇਵਾ ‘ਚ ਡੱਟ ਕੇ ਖੜੇ ਰਹਿਣਗੇ। 

Related Articles

Leave a Reply

Your email address will not be published. Required fields are marked *

Back to top button