ਰੱਖੜ ਪੁੰਨਿਆਂ ਮੇਲੇ ਵਿੱਚ ਪੁੱਜਣਗੇ ਮੁੱਖ ਮੰਤਰੀ ਪੰਜਾਬ-ਵਿਧਾਇਕ ਟੌਂਗ ਨੇ ਚਲ ਰਹੀ ਤਿਆਰੀਆਂ ਦਾ ਲਿਆ ਜਾਇਜ਼ਾ

ਬਾਬਾ ਬਕਾਲਾ ਸਾਹਿਬ, 07 ਅਗਸਤ (ਸੁਖਵਿੰਦਰ ਬਾਵਾ) : ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਰੱਖੜ ਪੁੰਨਿਆਂ ਦਾ ਮੇਲਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਇਕ ਵੱਡੀ ਰਾਜਸੀ ਕਾਨਫਰੰਸ ਵੀ ਕੀਤੀ ਜਾਵੇਗੀ। ਇਸ ਸਬੰਧੀ ਚਲ ਰਹੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਹਲਕਾ ਵਿਧਾਇਕ ਬਾਬਾ ਬਕਾਲਾ ਸ. ਦਲਬੀਰ ਸਿੰਘ ਟੌਂਗ ਆਈ.ਟੀ.ਆਈ. ਬਾਬਾ ਬਕਾਲਾ ਸਾਹਿਬ ਵਿਖੇ ਪੁੱਜੇ ਅਤੇ ਉੱਥੇ ਚਲ ਰਹੇ ਕੰਮਾਂ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਪ੍ਰਬੰਧ ਸਮੇਂ ਸਿਰ ਪੂਰੇ ਕਰ ਲਏ ਜਾਣ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਮੇਲੇ ਵਾਲੇ ਦਿਨ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਪੁੱਜਦੀ ਹੈ ਅਤੇ ਇਸ ਦਿਨ ਸਾਫ਼ ਸਫ਼ਾਈ ਪ੍ਰਬੰਧਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।
ਸ. ਟੌਂਗ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਅਤੇ ਵੱਖ ਵੱਖ ਜਿਲ੍ਹਿਆਂ ਤੋਂ ਵਿਧਾਇਕ ਸਾਹਿਬਾਨ ਵੀ ਉਚੇਚੇ ਤੌਰ ਤੇ ਪੁੱਜਣਗੇ ਅਤੇ ਆਪਣੇ ਵਿਚਾਰ ਰੱਖਣਗੇ। ਸ. ਟੌਂਗ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਦਿਨ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਰੂਰ ਪੁੱਜਣ ਅਤੇ ਇਥੇ ਹੋਣ ਵਾਲੀ ਰਾਜਸੀ ਕਾਨਫਰੰਸ ਵਿੱਚ ਸ਼ਾਮਲ ਹੋ ਕੇ ਮੁੱਖ ਮੰਤਰੀ ਪੰਜਾਬ ਦੇ ਵਿਚਾਰ ਸੁਣਨ। ਇਸ ਮੌਕੇ ਐਸ.ਡੀ.ਐਮ. ਬਾਬਾ ਬਕਾਲਾ ਸ: ਅਮਨਦੀਪ ਸਿੰਘ, ਤਹਿਸੀਲਦਾਰ ਅੰਮਿਤ ਕੁਮਾਰ, ਡੀ.ਐਸ.ਪੀ. ਧਰਮਿੰਦਰ ਕਲਿਆਣ ਤੋ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।