
ਬਿਜਾਈ ਲਈ ਹੋਰ ਫਾਸਫੇਟਿਕ ਖਾਦਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ : ਜ਼ਿਲ੍ਹਾ ਖੇਤੀ ਅਧਿਕਾਰੀ
ਅੰਮ੍ਰਿਤਸਰ, 26 ਸਤੰਬਰ (ਸਾਹਿਲ ਗੁਪਤਾ/ਕੰਵਲਜੀਤ ਸਿੰਘ ਲਾਡੀ) : ਆ ਰਹੇ ਹਾੜੀ ਦੇ ਨਵੇਂ ਸੀਜਨ ਲਈ ਡੀ ਏ ਪੀ ਖਾਦ ਦੀ ਸਪਲਾਈ ਬਾਬਤ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕਿਸਾਨਾਂ ਨੂੰ ਬਿਜਾਈ ਲਈ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਸਾਡੇ ਵੱਲੋਂ ਜਿਲ੍ਹੇ ਦੀ ਲੋੜ ਅਨੁਸਾਰ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਹਿਕਾਰੀ ਸੋਸਾਇਟੀਆਂ ਦੇ ਵਿੱਚ ਇਸਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀ ਆਰ ਕੋਆਪਰੇਟਿਵ ਡਾਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡੀ ਏ ਪੀ ਖਾਦ ਦੀ ਸਪਲਾਈ ਸਹਿਕਾਰੀ ਸੋਸਾਇਟੀਆਂ ਨੂੰ ਪਹਿਲ ਦੇ ਅਧਾਰ ਉੱਤੇ ਦਿੱਤੀ ਜਾ ਰਹੀ ਹੈ ਅਤੇ ਇਹ ਸਪਲਾਈ ਨਿਰਵਿਘਨ ਜਾਰੀ ਰਹੇਗੀ। ਉਹਨਾਂ ਕਿਹਾ ਕਿ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੀ ਲੋੜ ਅਨੁਸਾਰ ਆਪਣੀ ਮੰਗ ਕੀਤੀ ਹੈ ਅਤੇ ਉਸੇ ਅਨੁਸਾਰ ਸਾਨੂੰ ਖਾਦ ਦੀ ਸਪਲਾਈ ਹੋ ਰਹੀ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਕਾਹਲੀ ਜਾਂ ਕਾਲਾਬਜ਼ਾਰੀ ਵਿੱਚ ਨਾ ਆਉਣ ਅਤੇ ਆਪਣੀਆਂ ਸਹਿਕਾਰੀ ਸੁਸਾਇਟੀਆਂ ਨਾਲ ਖਾਦ ਲੈਣ ਲਈ ਰਾਬਤਾ ਰੱਖਣ। ਉਹਨਾਂ ਦੱਸਿਆ ਕਿ ਇਸ ਲਈ ਅਸੀਂ ਜਿਲ੍ਹੇ ਦੇ ਵਿੱਚ ਨੋਡਲ ਅਧਿਕਾਰੀ ਲਗਾ ਦਿੱਤੇ ਹਨ ਅਤੇ ਸਹਿਕਾਰੀ ਸੁਸਾਇਟੀਆਂ ਵਿੱਚ ਖਾਦ ਦੀ ਸਪਲਾਈ ਲਈ ਸੁਖਪਾਲ ਸਿੰਘ 9876067693 ਅਤੇ ਹਰਿੰਦਰ ਪਾਲ ਸਿੰਘ ਨਾਲ 8360105337 ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਦੌਰਾਨ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਸ ਬਲਜਿੰਦਰ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫ਼ਸਲਾਂ ਦੀ ਬਿਜਾਈ ਲਈ ਬਾਜ਼ਾਰ ਵਿਚ ਉਪਲੱਬਧ ਹੋਰਨਾਂ ਫਾਸਫੇਟਿਕ ਖਾਦਾਂ ਦੀ ਵੀ ਵਰਤੋਂ ਕਰਕੇ ਫਸਲ ਦੀ ਬਿਜਾਈ ਸਮੇਂ ਸਿਰ ਕਰਨ। ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਡੀ.ਏ.ਪੀ ਤੋਂ ਇਲਾਵਾ ਟ੍ਰਿਪਲ ਸੁਪਰ ਫਾਸਫੇਟ 46% ਖਾਦ ਵੀ ਫਸਲਾਂ ਦੀ ਬਿਜਾਈ ਵਾਸਤੇ ਉਪਲੱਬਧ ਹੈ। ਟ੍ਰਿਪਲ ਸੁਪਰ ਫਾਸਫੇਟ 46% ਖਾਦ ਦੀ ਵਰਤੋਂ ਕਰਦੇ ਹੋਵੇ ਇਸ ਨਾਲ 20 ਕਿਲੋਗ੍ਰਾਮ ਪ੍ਰਤੀ ਏਕੜ ਯੂਰੀਆ ਖਾਦ ਬਿਜਾਈ ਸਮੇਂ ਛੱਟੇ ਨਾਲ ਵਰਤੀ ਜਾ ਸਕਦੀ ਹੈ, ਜਿਸ ਨਾਲ ਡੀ.ਏ.ਪੀ ਖਾਦ ਦੇ ਬਰਾਬਰ ਮਾਤਰਾ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਦੀ ਪੂਰਤੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪ੍ਰਤੀ ਏਕੜ 20 ਕਿਲੋਗ੍ਰਾਮ ਯੂਰੀਆ ਖਾਦ ਅਤੇ 155 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ 16% (ਫਾਸਫੋਰਸ) ਖਾਦ ਦੀ ਵਰਤੋਂ ਕਣਕ ਦੀ ਫਸਲ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਦੀ ਪੂਰਤੀ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅੇੈਨ.ਪੀ.ਕੇ 16-16-16, ਅੇੈਨ.ਪੀ.ਕੇ 15-15-15, ਅੇੈਨ.ਪੀ.ਕੇ 12-32-16, 10-26-26 ਅਤੇ ਯੂਰੀਆ ਅਮੋਨੀਅਮ ਫਾਸਫੇਟ 24-24-0, ਅਮੋਨੀਅਮ ਫਾਸਫੇਟ ਸਲਫੇਟ 20-20-0-13 ਦੀ ਵਰਤੋਂ ਵੀ ਫਸਲਾਂ ਦੀ ਬਿਜਾਈ ਲਈ ਕੀਤੀ ਜਾ ਸਕਦੀ ਹੈ।