ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਡਾ ਸਫ਼ਾਈ ਅਭਿਆਨ ਸ਼ੁਰੂ : ਦਲਬੀਰ ਸਿੰਘ ਟੌਂਗ

ਬਾਬਾ ਬਕਾਲਾ ਸਾਹਿਬ 17 ਸਤੰਬਰ (ਸੁਖਵਿੰਦਰ ਬਾਵਾ) : ਹੜ੍ਹਾਂ ਕਾਰਨ ਫੈਲੀ ਗੰਦਗੀ ਨੂੰ ਸਾਫ਼ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਬਾਬਾ ਬਕਾਲਾ ਵਿਧਾਇਕ ਦਲਬੀਰ ਸਿੰਘ ਟੋਂਗ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਅਨੁਸਾਰ ਇਸ ਮੁਹਿੰਮ ਲਈ 100 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
ਟੋਂਗ ਜੀ ਨੇ ਕਿਹਾ, “ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਦਾ ਜਨ-ਜੀਵਨ ਜਲਦ ਤੋਂ ਜਲਦ ਮੁੜ ਬਹਾਲ ਕਰਨਾ ਹੈ। ਇਸ ਲਈ 2300 ਪ੍ਰਭਾਵਿਤ ਪਿੰਡਾਂ ਵਿੱਚ 10 ਦਿਨਾਂ ਅੰਦਰ ਮਲਬੇ ਦੀ ਸਫ਼ਾਈ ਕਰਵਾਈ ਜਾਵੇਗੀ ਤੇ ਰੁੜ ਕੇ ਮਰੇ ਪਸ਼ੂਆਂ ਦਾ ਸਹੀ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇਗਾ”।
ਉਨ੍ਹਾਂ ਨੇ ਦੱਸਿਆ ਕਿ ਹਰ ਪਿੰਡ ਨੂੰ ਪਹਿਲੇ ਪੜਾਅ ਵਿੱਚ 1-1 ਲੱਖ ਰੁਪਏ ਦਿੱਤੇ ਜਾ ਰਹੇ ਹਨ। ਸਫ਼ਾਈ ਤੋਂ ਬਾਅਦ ਫੋਗਿੰਗ ਵੀ ਕਰਵਾਈ ਜਾਵੇਗੀ ਅਤੇ 15 ਅਕਤੂਬਰ ਤੱਕ ਸਾਂਝੀਆਂ ਥਾਵਾਂ ਜਿਵੇਂ ਸਕੂਲ, ਪੰਚਾਇਤ ਘਰ ਤੇ ਕਮਿਊਨਟੀ ਹਾਲਾਂ ਦੀ ਮੁਰੰਮਤ ਪੂਰੀ ਕੀਤੀ ਜਾਵੇਗੀ।
ਪਸ਼ੂਆਂ ਦੀ ਸਿਹਤ ਲਈ ਵੈਟਰਨਰੀ ਡਾਕਟਰ ਉਪਲਬਧ ਹੋਣਗੇ ਜਦਕਿ ਮੈਡੀਕਲ ਕੈਂਪਾਂ ਰਾਹੀਂ ਲੋਕਾਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ। 550 ਐਂਬੂਲੈਂਸਾਂ ਵੀ ਤੈਨਾਤ ਕੀਤੀਆਂ ਗਈਆਂ ਹਨ। ਟੋਂਗ ਜੀ ਨੇ ਕਿਹਾ, “ਸਰਕਾਰ ਨੇ ਐਨਜੀਓਜ਼, ਯੂਥ ਕਲੱਬਾਂ ਅਤੇ ਹੋਰ ਸੰਸਥਾਵਾਂ ਨੂੰ ਵੀ ਇਸ ਮੁਹਿੰਮ ਵਿੱਚ ਭਾਗੀਦਾਰੀ ਲਈ ਸੱਦਾ ਦਿੱਤਾ ਹੈ ਤਾਂ ਜੋ ਮਿਲਜੁਲ ਕੇ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ”।